ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸੂਬੇ ਚ ਮੂਸਤੈਦ ਹੈ। ਸੂਬੇ ਚ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਮੂਸੇਵਾਲਾ ਦੇ ਕਾਤਲਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਖਿਲਾਫ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸੇ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।
ਹਰ ਇੱਕ ਜ਼ਿਲ੍ਹੇ ’ਚ ਐਂਟੀ ਗੈਂਗਸਟਰ ਟਾਸਕ ਫੋਰਸ: ਦੱਸ ਦਈਏ ਕਿ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆ ਐਲਾਨ ਕੀਤਾ ਹੈ ਕਿ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਚ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਇੱਕ ਇੱਕ ਯੂਨਿਟ ਗਠਿਤ ਕੀਤੀ ਜਾਵੇਗੀ। ਜਿਸ ’ਚ 10 ਤੋਂ 15 ਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਯੂਨਿਟ ਚ ਸ਼ਾਮਲ ਹੋਣ ਵਾਲੇ ਮੈਂਬਰਾਂ ਨੂੰ ਐਨਐਸਜੀ ਦੀ ਤਰਜ਼ ’ਤੇ ਹਥਿਆਰਾਂ ਦੀ ਅਤੇ ਹੋਰ ਚੀਜ਼ਾਂ ਦੀ ਟ੍ਰੈਨਿੰਗ ਦਿੱਤੀ ਜਾਵੇਗੀ।
ਸੀਐੱਮ ਮਾਨ ਦੀ ਆਲਾ ਅਧਿਕਾਰੀਆਂ ਨਾਲ ਮੀਟਿੰਗ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਲਾ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਦੌਰਾਨ ਸੀਐੱਮ ਮਾਨ ਨੇ ਅੰਮ੍ਰਿਤਸਰ ਚ ਹੋਏ ਗੈਂਗਸਟਰ ਐਨਕਾਉਂਟਰ ਦੀ ਸਮੀਖਿਆ ਵੀ ਕੀਤੀ। ਨਾਲ ਹੀ ਕਿਹਾ ਕਿ ਗੈਂਗਸਟਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇ।
ਸੀਐੱਮ ਮਾਨ ਦੇ ਹੁਕਮ: ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਦੀ ਗੈਂਗਸਟਰ ਕਲਚਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਬਿਆਨ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚੋਂ ਗੈਂਗਸਟਰ ਕਲਚਰ ਦੇ ਖ਼ਾਤਮੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਬੱਚੇ-ਬੱਚੇ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਪੰਜਾਬ ਨੂੰ ਮੁੜ ਤੋਂ ਹੱਸਦਾ-ਖੇਡਦਾ ਰੰਗਲਾ ਪੰਜਾਬ ਬਣਾਉਣ ਲਈ ਉਹ ਵਚਨਬੱਧ ਹਨ।
ਮੂਸੇਵਾਲਾ ਦੇ ਪਿਤਾ ਨੂੰ ਮਿਲੀ ਧਮਕੀ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਦੀ ਆਈਡੀ ਉੱਪਰ ਕਿਸੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦਿੱਤੀ ਹੈ। ਧਮਕੀ ਦੇਣ ਵਾਲੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸਿੱਧੂ ਮੂਸੇਵਾਲਾ ਕੋਲ ਪਹੁੰਚ ਦੇਣ ਦੀ ਗੱਲ ਕਹੀ ਹੈ। ਓਧਰ ਇਸ ਧਮਕੀ ਦਾ ਜ਼ਿਕਰ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਮੂਸੇਵਾਲਾ ਦੇ ਕਾਤਲਾਂ ’ਤੇ ਪੁਲਿਸ ਦਾ ਸ਼ਿਕੰਜ਼ਾ: ਜ਼ਿਕਰਯੋਗ ਹੈ ਕਿ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਅਤੇ ਇਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਨੂੰ ਵੀ ਪੰਜਾਬ ਪੁਲਿਸ ਰਿਮਾਂਡ ਲੈ ਕੇ ਲਗਾਤਾਰ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜੋ: ਮੱਛੀ ਮੋਟਰ ਕੱਢਦਾ ਮਿੱਟੀ ਹੇਠਾਂ ਦੱਬਿਆ ਨੌਜਵਾਨ, ਹੋਈ ਮੌਤ