ਚੰਡੀਗੜ੍ਹ: ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਇਸੇ ਦੌਰਾਨ ਦਿੱਲੀ ਵਿੱਚ ਦੇਸ਼ ਦੀ 250 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਇਨ੍ਹਾਂ ਕਾਨੂੰਨਾਂ ਵਿਰੁੱਧ ਨਵੀਂ ਰਣਨੀਤੀ ਉਲੀਕੀ ਹੈ। ਇਸ ਤਹਿਤ ਕਿਸਾਨ ਨੇ ਪੰਜ ਨਵੰਬਰ ਨੂੰ ਭਾਰਤ ਬੰਦ ਅਤੇ 26-27 ਨਵੰਬਰ ਨੂੰ ਦਿੱਲੀ ਚੱਲੋਂ ਦਾ ਸੱਦਾ ਦਿੱਤਾ ਹੈ। ਕਿਸਾਨਾਂ ਦੇ ਇਸ ਫੈਸਲੇ ਦੀ ਹਮਾਇਤ 'ਤੇ ਆਮ ਆਦਮੀ ਪਾਰਟੀ ਵੀ ਆਣ ਖਲੋਈ ਹੈ। ਸੁਨਾਮ ਤੋਂ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ 'ਆਪ ਕਿਸਾਨਾਂ ਦੇ ਇਸ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੈ।
ਅਮਨ ਅਰੋੜਾ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਇਸ ਸੰਘਰਸ਼ ਦੀ ਹਾਮਇਤ ਵਿੱਚ ਹੈ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਇਹ ਸਭ ਕੁਝ ਕਿਸੇ ਸ਼ੌਕ ਕਾਰਨ ਨਹੀਂ ਕਰ ਰਹੇ ਸਗੋਂ ਉਨ੍ਹਾਂ ਦੀ ਮਜ਼ਬੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ 'ਆਪ' ਉਸ ਦੀ ਹਮਾਇਤ ਕਰਦੀ ਹੈ।
ਇਸੇ ਨਾਲ ਹੀ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਹੰਕਾਰ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਇਸ ਸਮਲੇ ਦਾ ਹੱਲ ਕੱਢਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਗੱਲਬਾਤ ਤੋਂ ਬਿਨ੍ਹਾਂ ਨਹੀਂ ਸੁਲਝ ਸਕਦਾ।
ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਉਸ ਬਿਆਨ ਦੀ ਵੀ ਨਖੇਦੀ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕਿਸਾਨਾਂ ਦੇ ਧਰਨੇ ਕਾਰਨ ਸੂਬੇ ਦੇ ਉਦਯੋਗ ਦਾ ਨੁਕਸਾਨ ਹੋ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਮੰਤਰੀ ਸਾਹਿਬ ਅਤੇ ਮੁੱਖ ਮੰਤਰੀ ਨੂੰ ਕੇਂਦਰ ਨਾਲ ਗੱਲਬਾਤ ਕਰਕੇ ਕੱਢਣਾ ਚਾਹੀਦਾ ਹੈ ਨਾ ਕਿਸਾਨਾਂ ਸਿਰ ਮੜ੍ਹਣਾ ਚਾਹੀਦਾ ਹੈ।