ਚੰਡੀਗੜ੍ਹ: ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰ ਉੱਤੇ ਧਰਨਾ ਲਾਈ ਬੈਠੇ ਹਨ। ਇਸ ਵਿੱਚ ਕਈ ਵਾਰ ਇਸ ਅੰਦੋਲਨ ਨੂੰ ਵੱਖ-ਵੱਖ ਨਾਂਅ ਦੇ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਵਿੱਚ ਜਿਨ੍ਹਾਂ ਲੀਡਰਾਂ ਜਾ ਫ਼ਿਲਮੀ ਜਗਤ ਦੇ ਲੋਕਾਂ ਵੱਲੋਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਲੀਗਲ ਟੀਮ ਦੀ ਹੈਲਪ ਨਾਲ ਕਿਸਾਨਾਂ ਵੱਲੋਂ ਮਾਣਹਾਨੀ ਦੇ ਨੋਟਿਸ ਭੇਜੇ ਗਏ ਹਨ। ਇਸ ਗੱਲ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਚੰਡੀਗੜ੍ਹ ਵਿਖੇ ਕੀਤੀ।
ਮਾਣਹਾਨੀ ਦਾ ਇੱਕ ਨੋਟਿਸ ਅਦਾਕਾਰਾ ਕੰਗਨਾ ਰਣੌਤ ਨੂੰ ਭੇਜਿਆ ਗਿਆ, ਜਿਨ੍ਹਾਂ ਨੇ ਕਿਸਾਨੀ ਸੰਗਰਸ਼ ਵਿੱਚ ਸ਼ਾਮਲ ਬਜ਼ੁਰਗ ਔਰਤ ਬਾਰੇ ਟਿੱਪਣੀ ਕੀਤੀ ਸੀ। ਇਸਤੋਂ ਇਲਾਵਾ ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੂੰ ਵੀ ਭੇਜਿਆ ਗਿਆ। ਉਨ੍ਹਾਂ ਨੂੰ ਨੋਟਿਸ ਕਿਸਾਨ ਗੁਰਿੰਦਰ ਸਿੰਘ ਦੀ ਸ਼ਿਕਾਇਤ ਉੱਤੇ ਭੇਜਿਆ ਗਿਆ।
ਦੱਸ ਦੇਈਏ ਕਿ ਰਵੀ ਕਿਸ਼ਨ ਵੱਲੋਂ ਅੰਦੋਲਨ ਨੂੰ ਚੀਨ ਅਤੇ ਪਾਕਿਸਤਾਨ ਤੋਂ ਚਲਵਾਉਣ ਦੀ ਗੱਲ ਕੀਤੀ ਸੀ ਅਤੇ ਨਾਲ ਹੀ ਕਿਹਾ ਗਿਆ ਸੀ ਕਿ ਅੰਦੋਲਨ ਲਈ ਫੰਡਿੰਗ ਵਿਦੇਸ਼ ਤੋਂ ਆ ਰਹੀ ਹੈ। ਭਾਜਪਾ ਆਗੂ ਮਨੋਜ ਤਿਵਾਰੀ ਨੂੰ ਵੀ ਨੋਟਿਸ ਭੇਜਿਆ ਗਿਆ। ਉਨ੍ਹਾਂ ਨੂੰ ਨੋਟਿਸ ਉਨ੍ਹਾਂ ਦੇ ਦਿੱਤੇ ਗਏ ਬਿਆਨ ਸੰਘਰਸ਼ ਨੂੰ ਟੁੱਕੜੇ-ਟੁੱਕੜੇ ਗੈਂਗ ਦਾ ਨਾਂਅ ਦਿੱਤਾ ਗਿਆ ਸੀ। ਇਹ ਨੋਟਿਸ ਮਾਨਸਾ ਤੋਂ ਕਿਸਾਨ ਸੁਖਵਿੰਦਰ ਪਾਲ ਸੁਖੀ ਦੀ ਸ਼ਿਕਾਇਤ ਉੱਤੇ ਭੇਜਿਆ ਗਿਆ।
ਇਸਤੋਂ ਇਲਾਵਾ ਭਾਜਪਾ ਸੰਸਦ ਰਮੇਸ਼ ਬਦੁੜੀ ਅਤੇ ਕੇਂਦਰੀ ਮੰਤਰੀ ਰਾਓ ਦਾਨਵੇ ਨੂੰ ਵੀ ਗਲਤ ਬਿਆਨਬਾਜ਼ੀ ਕਰਨ ਕਰਕੇ ਭੇਜਿਆ ਗਿਆ ਹੈ। ਆਪ ਵਿਧਾਇਕ ਨੇ ਕਿਹਾ ਕਿ ਨੋਟਿਸ ਭੇਜਣ ਤੋਂ ਇਲਾਵਾ ਹੋਰ ਜੋ ਵੀ ਲੀਗਲ ਸਹਾਇਤਾ ਦੀ ਲੋੜ ਕਿਸਾਨਾਂ ਨੂੰ ਹੋਵੇਗੀ ਉਹ ਅਸੀਂ ਮੁਹੱਇਆ ਕਰਵਾਵਾਂਗੇ।
ਆਪ ਆਦਮੀ ਪਾਰਟੀ ਦੀ ਮੁੱਖ ਮੰਤਰੀ ਪੰਜਾਬ ਨੂੰ ਸਲਾਹ ਭਾਜਪਾ ਦੇ ਏਜੰਟ ਨਾ ਬਣੋ, ਤੁਸੀਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਹੋ ਜਾਓ ਸ਼ਾਮਲ। ਰਾਘਵ ਨੇ ਮੁੱਖ ਮੰਤਰੀ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਭਾਜਪਾ ਏਜੰਟ ਦੇ ਤੌਰ ਕੰਮ ਕਰ ਰਹੇ ਹਨ, ਉਹ ਇਹ ਸਭ ਈਡੀ ਤੋਂ ਡਰ ਕੇ ਆਪਣੇ ਪੁੱਤਰ ਮੋਹ ਵਿੱਚ ਕਰ ਰਹੇ ਹਨ।