ਚੰਡੀਗੜ੍ਹ: 10ਵੀਂ ਜਮਾਤ ਦੇ 15 ਸਾਲਾ ਵਿਦਿਆਰਥੀ ਗੌਰਵ ਨੇ ਆਪਣੇ ਹੁਨਰ ਦੀ ਵਰਤੋਂ ਕਰਦਿਆਂ ਇੱਕ ਸਾਈਕਲ ਤੋਂ ਮੋਟਰਸਾਈਕਲ ਬਣਾਇਆ ਹੈ। ਇਸ ਨੂੰ ਬਣਾਉਣ ਵਿੱਚ ਜਿੰਨਾ ਵੀ ਸਾਮਾਨ ਵਰਤਿਆ ਗਿਆ ਹੈ ਉਹ ਸਾਰਾ ਕਬਾੜ ਵਿੱਚੋਂ ਲਿਆ ਗਿਆ ਹੈ।
ਗੌਰਵ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਾਰ ਸਾਲ ਪਹਿਲਾਂ ਉਸ ਦੇ ਪਿਤਾ ਨੇ ਉਸ ਨੂੰ ਇੱਕ ਸਾਈਕਲ ਉਸ ਦੇ ਜਨਮ ਦਿਨ ਉੱਤੇ ਤੋਹਫੇ ਵਜੋਂ ਦਿੱਤਾ ਸੀ। ਸਾਈਕਲ ਉਸ ਦੇ ਪਿੰਡ ਵਿੱਚ ਸੀ ਅਤੇ ਉਹ ਚੰਡੀਗੜ੍ਹ ਆ ਗਏ। ਉਸ ਨੇ ਪਿਤਾ ਨੂੰ ਆਪਣੀ ਸਾਈਕਲ ਵਾਪਸ ਚੰਡੀਗੜ੍ਹ ਲਿਆਉਣ ਦੀ ਜ਼ਿਦ ਕੀਤੀ।
ਉਸ ਦਾ ਸਾਈਕਲ ਚੰਡੀਗੜ੍ਹ ਲਿਆਂਦਾ ਗਿਆ ਜਿਸ ਤੋਂ ਬਾਅਦ ਉਸ ਨੇ ਇੱਕ ਇਲੈਕਟ੍ਰਿਕ ਬੈਟਰੀ ਲਗਾ ਕੇ ਸਾਈਕਲ ਨੂੰ ਬੈਟਰੀ ਨਾਲ ਚੱਲਣ ਵਾਲਾ ਬਣਾ ਲਿਆ। ਗੌਰਵ ਨੇ ਦੱਸਿਆ ਕਿ ਇਲੈਕਟ੍ਰਿਕ ਸਾਈਕਲ ਸਪੀਡ ਨਹੀਂ ਦਿੰਦੀ ਇਸ ਕਰਕੇ ਉਸ ਨੇ ਸਾਈਕਲ ਨੂੰ ਪੈਟਰੋਲ ਉੱਤੇ ਚੱਲਣ ਵਾਲਾ ਬਣਾਉਣ ਬਾਰੇ ਸੋਚਿਆ।
ਲੌਕਡਾਊਨ ਦੇ ਵਿੱਚ ਉਸ ਨੂੰ ਵਧੇਰਾ ਸਮਾਂ ਮਿਲਿਆ ਤੇ ਉਸ ਨੇ ਆਪਣੇ ਸਾਈਕਲ ਨੂੰ ਇੱਕ ਮੋਟਰਸਾਈਕਲ ਵਿੱਚ ਤਬਦੀਲ ਕਰ ਲਿਆ। ਉਸ ਨੇ ਦੱਸਿਆ ਕਿ ਉਸ ਨੇ ਪੈਸੇ ਇਕੱਠੇ ਕਰਨ ਦੇ ਲਈ ਸਾਈਕਲਾਂ ਦੀ ਦੁਕਾਨ ਉੱਤੇ ਕੰਮ ਕੀਤਾ ਤੇ ਉੱਥੋਂ ਜੋ ਵੀ ਤਨਖਾਹ ਮਿਲਦੀ ਉਸ ਨੇ ਸਾਈਕਲ ਉੱਤੇ ਲਗਾ ਦਿੱਤੀ।
ਉਸ ਨੇ ਦੱਸਿਆ ਕਿ ਇਹ ਸਾਈਕਲ ਪੰਦਰਾਂ ਹਜ਼ਾਰ ਦੇ ਵਿੱਚ ਤਿਆਰ ਹੋਇਆ ਹੈ ਇਸ ਦਾ ਅਗਲਾ ਚੱਕਾ ਸਾਈਕਲ ਦਾ ਟਾਇਰ ਹੈ ਤੇ ਪਿਛਲਾ ਮੋਟਰਸਾਈਕਲ ਦਾ ਟਾਇਰ ਹੈ। ਇਹ ਮੋਟਰਸਾਈਕਲ ਇੱਕ ਲੀਟਰ ਵਿੱਚ 70 ਤੋਂ 80 ਕਿਲੋਮੀਟਰ ਚੱਲਦਾ ਹੈ ਤੇ ਇਸ ਉੱਤੇ ਜਿੰਨਾ ਵੀ ਸਾਮਾਨ ਲੱਗਾ ਹੈ ਉਹ ਦੂਜੇ ਮੋਟਰਸਾਈਕਲਾਂ ਦਾ ਹੈ ਤੇ ਪੈਟਰੋਲ ਦੀ ਟੈਂਕੀ ਬਣਾਉਣ ਦੇ ਲਈ ਕਾਰ ਦੀ ਨੰਬਰ ਪਲੇਟ ਦੀ ਵਰਤੋਂ ਕੀਤੀ ਗਈ ਹੈ।
ਉਸ ਨੇ ਦੱਸਿਆ ਕਿ ਇਸ ਮੋਟਰਸਾਈਕਲ ਦੀ ਇਹ ਵੀ ਖੂਬੀ ਹੈ ਕਿ ਇਸ ਦੇ ਵਿੱਚ ਬਲੂਟੁਥ ਹੈ। ਤੁਸੀਂ ਫੋਨ ਅਟੈਚ ਕਰਕੇ ਚਾਰਜ ਕਰ ਸਕਦੇ ਹੋ, ਗੇਅਰ ਦਾ ਪਤਾ ਕਰ ਸਕਦੇ ਹੋ। ਇਸ ਤੋਂ ਇਲਾਵਾ ਉਹ ਇਹ ਮੋਟਰਸਾਈਕਲ ਸੜਕਾਂ 'ਤੇ ਵੀ ਦੌੜਾਉਂਦਾ ਹੈ। ਪੁਲਿਸ ਵੀ ਉਸ ਦਾ ਮੋਟਰਸਾਈਕਲ ਦੇਖ ਕੇ ਹੈਰਾਨ ਹੋ ਜਾਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਤੇ ਫਿਰ ਛੱਡ ਦਿੰਦੀ ਹੈ।
ਗੌਰਵ ਦਾ ਹੁਣ ਸੁਪਨਾ ਹੈ ਕਿ ਉਹ 2022 ਤੱਕ ਇੱਕ ਟਾਰਜਨ ਕਾਰ ਬਣਾਵੇ ਜੋ ਕਿ ਸੁਵਿਧਾਵਾਂ ਨਾਲ ਲੈਸ ਹੋਵੇ ਪਰ ਉਸ ਦੀ ਕੀਮਤ ਬਹੁਤ ਘੱਟ ਹੋਵੇਗੀ।