ਚੰਡੀਗੜ੍ਹ: ਸੂਬੇ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ 5ਵੀਂ, 8ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾਂ ਪੇਪਰ ਤੋਂ ਪ੍ਰਮੋਟ ਕਰਨ ਦਾ ਫੈਸਲਾ ਲਿਆ ਹੈ। ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ, ਜੋ ਪਹਿਲਾਂ ਹੀ ਮੁਲਤਵੀ ਹੋ ਚੁੱਕੀਆਂ ਹਨ, ਬਾਰੇ ਫੈਸਲਾ ਬਾਅਦ ਵਿਚ ਉਭਰ ਰਹੀ ਸਥਿਤੀ ਦੇ ਆਧਾਰ ’ਤੇ ਲਿਆ ਜਾਵੇਗਾ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕੋਵਿਡ ਰੀਵਿਊ ਕਮੇਟੀ ਦੀ ਬੈਠਕ ਕੀਤੀ ਗਈ ਜਿਸ ’ਚ ਇਹ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਸਕੱਤਰ ਵਿਨੀ ਮਹਾਜਨ, ਡੀ.ਜੀ.ਪੀ. ਦਿਨਕਰ ਗੁਪਤਾ ਵੀ ਹਾਜ਼ਰ ਸਨ।
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਚ 30 ਅ੍ਰਪੈਲ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਕੀਤੇ ਗਏ ਹਨ। ਜਿਸ ਦੇ ਸਦਕਾ 11-20 ਸਾਲ ਉਮਰ ਵਰਗ ਦੇ ਸਕੂਲੀ ਵਿਦਿਆਰਥੀਆਂ ’ਚ ਪਾਜ਼ੇਟੀਵਿਟੀ ਦੀ ਦਰ ਹੇਠਾਂ ਲਿਆਉਣ ਦੇ ਨਾਲ-ਨਾਲ ਇਹ ਰਾਹਤ ਦੇਣ ਦੀ ਲੋੜ ਸੀ। ਸੀਐੱਮ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਪੰਜਵੀ ਜਮਾਤ ਦੇ ਵਿਦਿਆਰਥੀਆਂ ਦੇ 5 ਵਿਸ਼ਿਆ ਚੋਂ 4 ਵਿਸ਼ਿਆ ਦੀਆਂ ਪ੍ਰੀਖਿਆ ਲਈ ਜਾ ਚੁੱਕੀਆਂ ਹਨ ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 4 ਵਿਸ਼ਿਆ ਦੇ ਆਧਾਰ ’ਤੇ ਨਤੀਜੇ ਐਲਾਨ ਜਾ ਸਕਦੇ ਹਨ। ਸੀਐੱਮ ਸਿੱਖਿਆ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੰਦੇ ਹੋਏ ਕਿਹਾ ਕਿ 8ਵੀਂ ਅਤੇ 10ਵੀਂ ਦੇ ਨਤੀਜੇ ਦਾ ਐਲਾਨ ਪ੍ਰੀ ਬੋਰਡ ਪ੍ਰੀਖਿਆਵਾਂ ਅਤੇ ਸਬੰਧਤ ਸਕੂਲਾਂ ਵੱਲੋਂ ਆਪਣੇ ਤੌਰ ’ਤੇ ਲਏ ਪ੍ਰੀਖਿਆਵਾਂ ਦੇ ਆਧਾਰ ’ਤੇ ਐਲਾਨ ਕੀਤੇ ਜਾ ਸਕਦੇ ਹਨ।
ਕਾਬਿਲੇਗੌਰ ਹੈ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਚ ਕੇਂਦਰੀ ਸਿੱਖਿਆ ਮੰਤਰੀ ਨੂੰ ਕੁਝ ਦਿਨ ਪਹਿਲਾਂ ਹੀ ਮਹਾਂਮਾਰੀ ਦੇ ਕਾਰਨ ਸੀਬੀਐਸਈ ਦੀਆਂ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਅਤੇ ਸੀਬੀਐਸਈ ਦੀਆਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਬਾਰੇ ਕੇਂਦਰ ਦੇ ਫੈਸਲੇ ’ਤੇ ਤਸੱਲੀ ਜ਼ਾਹਰ ਕੀਤੀ ਸੀ।