ਚੰਡੀਗੜ੍ਹ: ਪੰਜਾਬ ਦੇ 30 ਵਿਧਾਇਕ ਹੁਣ ਤੱਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਮੁਤਾਬਕ ਕੁੱਲ 117 ਵਿਧਾਇਕਾਂ ਵਿੱਚੋਂ ਕਰੀਬ 25 ਫ਼ੀਸਦੀ ਵਿਧਾਇਕ ਕੋਰੋਨਾ ਦੀ ਚਪੇਟ ਵਿੱਚ ਹਨ। ਪੰਜਾਬ ਵਿਧਾਨ ਸਭਾ ਨੇ ਵੀਰਵਾਰ ਨੂੰ ਸੂਚੀ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ।
ਹਾਲਾਂਕਿ ਇਨ੍ਹਾਂ ਵਿੱਚੋਂ 7 ਵਿਧਾਇਕ ਸਿਹਤਯਾਬ ਹੋ ਚੁੱਕੇ ਹਨ। ਬਾਵਜੂਦ ਇਸ ਦੇ ਉਹ 28 ਅਗਸਤ ਨੂੰ ਹੋਣ ਵਾਲੇ ਇੱਕ ਰੋਜ਼ਾ ਮੌਨਸੂਨ ਇਜਲਾਸ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹ ਆਪਣੇ ਘਰਾਂ ਵਿੱਚ ਕੁਆਰੰਟੀਨ ਹਨ।
ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਰੋਨਾ ਨਾਲ ਪੀੜਤ ਹੋਣ ਵਾਲੇ ਸੂਬੇ ਦੇ ਪਹਿਲੇ ਮੰਤਰੀ ਸਨ, ਪਰ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ।
ਬਾਜਵਾ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ, ਮਾਲ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਮੁੱਖ ਮੰਤਰੀ ਦੀ ਵਿਧਾਇਕਾਂ ਨੂੰ ਅਪੀਲ
ਇਜਲਾਸ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵਿਧਾਇਕ ਕੋਰੋਨਾ ਸੰਕਰਮਿਤ ਵਿਧਾਇਕਾਂ ਦੇ ਸੰਪਰਕ ਵਿੱਚ ਆਏ ਹਨ, ਉਹ ਸਦਨ ਵਿੱਚ ਨਾ ਆਉਣ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਉਹ ਧਰਨਿਆਂ ਨੂੰ ਰੱਦ ਕਰ ਦੇਣ ਕਿਉਂਕਿ ਇਸ ਨਾਲ ਜਾਨਾਂ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।