ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਕਿਸਾਨ ਭਵਨ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਵੱਲੋਂ ਸੱਦੀ ਗਈ ਬੈਠਕ 'ਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਹੈ। ਅੱਜ ਦੀ ਮੀਟਿੰਗ ਤੋਂ ਬਾਅਦ ਈਟੀਵੀ ਭਾਰਤ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਵਿਸ਼ੇਸ਼ ਗੱਲਬਾਤ ਕੀਤੀ।
ਮੀਟਿੰਗ ਤੋਂ ਬਾਅਦ ਡਾਕਟਰ ਦਰਸ਼ਨ ਪਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਇਹ ਇੱਕ ਸ਼ੁਰੂਆਤੀ ਮੀਟਿੰਗ ਹੋਵੇਗੀ, ਇਸ ਮੀਟਿੰਗ ਵਿੱਚ ਸਰਕਾਰ ਦੇ ਰੁਖ ਨੂੰ ਧਿਆਨ 'ਚ ਰੱਖ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨਾਂ੍ਹ ਦੀ ਮੁੱਖ ਮੰਗ ਹੋਵੇਗੀ ਕਿ ਤਿੰਨੇ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੀ ਗੱਲ ਰੱਖਣਗੇ ਅਤੇ ਉਨ੍ਹਾਂ ਦਾ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਮੰਗ ਮੰਨੀ ਨਹੀਂ ਜਾਂਦੀ
ਮੀਟਿੰਗ 'ਚ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ 26 ਅਤੇ 27 ਨਵੰਬਰ ਨੂੰ ਉਹ ਦਿੱਲੀ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਨਾ ਹੋਣ ਦਿੱਤਾ ਗਿਆ ਤਾਂ ਉਹ ਜਿੱਥੇ ਰੋਕਿਆ ਜਾਵੇਗਾ ਉੱਥੇ ਹੀ ਧਰਨਾ ਲਾ ਦੇਣਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਵੀਹ ਮਿੰਟ ਫੋਨ ਤੇ ਗੱਲਬਾਤ ਹੋਣ ਦੀਆਂ ਸੁਰਖੀਆਂ ਨੇ ਜਿੱਥੇ ਕਈ ਕਈ ਸਵਾਲ ਖੜ੍ਹੇ ਕੀਤੇ ਤਾਂ ਇਸ 'ਤੇ ਵਿਰਾਮ ਲਗਾਉਂਦਿਆਂ ਡਾ. ਦਰਸ਼ਨ ਪਾਲ ਨੇ ਵੀ ਕਿਹਾ ਕਿ ਰਾਜੇਵਾਲ ਨਾਲ ਰਾਜਨਾਥ ਨੇ ਦਿੱਲੀ ਵਿਖੇ ਬੈਠਕ ਕਰਨ ਲਈ ਦਿਨ ਤੇ ਸਮਾਂ ਕਿਹੜਾ ਰੱਖਿਆ ਜਾਵੇ ਇਸ ਬਾਬਤ ਗੱਲਬਾਤ ਕੀਤੀ। ਕਿਸਾਨ ਜਥੇਬੰਦੀਆਂ ਦੇ ਵਿੱਚ ਕੋਈ ਵੀ ਫੁੱਟ ਪਾਉਣ ਦੀ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਬੀਕੇਯੂ (ਉਗਰਾਹਾਂ) ਦੇ ਆਗੂਆਂ ਵੱਲੋਂ ਬੈਠਕ ਵਿੱਚ ਸ਼ਾਮਲ ਨਾ ਹੋਣਾ ਇਹ ਉਨ੍ਹਾਂ ਦਾ ਨਿਜੀ ਫੈਸਲਾ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ 13 ਨਵੰਬਰ ਨੂੰ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਕਾਰ ਹੋਣ ਵਾਲੀ ਬੈਠਕ ਕਿਸ ਤਰ੍ਹਾਂ ਰਹਿੰਦੀ ਹੈ। ਸਭ ਦੀਆਂ ਨਜ਼ਰਾਂ ਕਿਸਾਨਾਂ ਅਤੇ ਮੰਤਰੀਆਂ ਦੀ ਬੈਠਕ 'ਤੇ ਟਿਕੀਆਂ ਹੋਈਆਂ ਹਨ।