ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਪੰਜਾਬ ਕਾਂਗਰਸ ਵਿੱਚ ਉਠੇ ਭੂਚਾਲ ਕਾਰਨ ਸ਼ੁਰੂ ਹੋਇਆ ਨਵਾਂ ਵਿਵਾਦ ਖਤਮ ਨਹੀਂ ਹੋਇਆ ਹੈ। ਚੰਨੀ ਦੇ ਸੱਦੇ ਨਵਜੋਤ ਸਿੱਧੂ ਪੰਜਾਬ ਭਵਨ ਵਿਖੇ ਮੀਟਿੰਗ ਕਰਨ ਪੁੱਜੇ। ਕੇਂਦਰੀ ਆਬਜ਼ਰਵਰ ਹਰੀਸ਼ ਚੌਧਰੀ ਦੀ ਮੌਜੂਦਗੀ ਵਿੱਚ ਦੋ ਘੰਟੇ ਤੱਕ ਚੱਲੀ ਮੀਟਿੰਗ ਉਪਰੰਤ ਹਾਲਾਂਕਿ ਕੁਝ ਵਿਧਾਇਕਾਂ ਦਾ ਮੰਨਣਾ ਸੀ ਕਿ ਸਿੱਧੂ ਨੂੰ ਮਨਾ ਲਿਆ ਗਿਆ ਹੈ ਪਰ ਦੂਜੇ ਪਾਸੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਨਵਾਂ ਬਿਆਨ ਦੇ ਦਿੱਤਾ ਹੈ ਕਿ ਮਸਲਾ ਸੁਲਝਾਉਣ ਨੂੰ ਇੱਕ ਹਫਤਾ ਲੱਗੇਗਾ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਸੋਚਿਆ ਸੀ ਕਿ ਕੈਬਨਿਟ ਬਣਾਉਣ ਦੇ ਨਾਲ ਪੰਜਾਬ ਦਾ ਮਸਲਾ ਹੱਲ ਹੋ ਗਿਆ ਹੈ ਪਰ ਇਸ ਨੂੰ ਸੁਲਝਾਉਣ ਲਈ ਇੱਕ ਹਫਤਾ ਹੋਰ ਲੱਗੇਗਾ ਤੇ ਮਸਲਾ ਸੁਲਝਾਉਣ ਲਈ ਉਹ ਆਪ ਚੰਡੀਗੜ੍ਹ ਆ ਰਹੇ ਹਨ।
ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਵਿੱਚ ਸਿੱਧੂ ਨੂੰ ਕੁਝ ਪੇਸ਼ਕਸ਼ ਕੀਤੀ ਹੈ ਪਰ ਇਹ ਪੇਸ਼ਕਸ਼ ਕੀ ਹੈ, ਇਸ ਬਾਰੇ ਅਜੇ ਪੱਤੇ ਨਹੀਂ ਖੁੱਲ੍ਹੇ ਨਹੀਂ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਦ ਪੇਸ਼ਕਸ਼ ਮੰਨਣਾ ਜਾਂ ਨਾ ਮੰਨਣਾ ਹੁਣ ਸਿੱਧੂ ‘ਤੇ ਨਿਰਭਰ ਕਰਦਾ ਹੈ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮਿਲਣ ਲਈ ਪੰਜਾਬ ਭਵਨ ਪੁੱਜੇ ਸੀ। ਇਥੇ ਦੋਵਾਂ ਦੀ ਮੀਟਿੰਗ ਦੋ ਘੰਟੇ ਚੱਲੀ। ਇਹ ਵੀ ਪਤਾ ਲੱਗਿਆ ਹੈ ਕਿ ਇੱਕ ਦੌਰ ਦੀ ਮੀਟਿੰਗ ਖਤਮ ਹੋਣ ਉਪਰੰਤ ਦੂਜੇ ਦੌਰ ਦੀ ਮੀਟਿੰਗ ਵੀ ਚੱਲੀ। ਇਸ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਨੂੰ ਮਨਾ ਲਿਆ ਜਾਵੇਗਾ ਤੇ ਉਹ ਕਾਂਗਰਸ ਵਿੱਚ ਹੀ ਰਹਿਣਗੇ।
ਇਸੇ ਦੌਰਾਨ ਮੀਟਿੰਗ ਦੇ ਵਿੱਚ ਡਾਕਟਰ ਰਾਜਕੁਮਾਰ ਵੇਰਕਾ, ਜਿਨ੍ਹਾਂ ਨੂੰ ਹਾਲ ਵਿੱਚ ਹੀ ਮੰਤਰੀ ਬਣਾਇਆ ਗਿਆ ਸੀ, ਨੂੰ ਵੀ ਮੀਟਿੰਗ ਵਿੱਚ ਸੱਦਿਆ ਗਿਆ ਹੈ। ਸੂੱਤਰ ਦੱਸਦੇ ਹਨ ਕਿ ਉਹ ਇਸ ਮਸਲੇ ਵਿੱਚ ਅਹਿਮ ਕੜੀ ਸਾਬਤ ਹੋ ਸਕਦੇ ਹਨ। ਮੀਟਿੰਗ ਵਿੱਚ ਕੀ ਹੋਇਆ, ਇਸ ਬਾਰੇ ਕੋਈ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ ਤੇ ਇਸ ਗੱਲ ਦਾ ਬਾਰੇ ਸਾਰਿਆਂ ਨੇ ਬੁੱਲ੍ਹ ਸੀਤੇ ਹੋਏ ਹਨ ਕਿ ਆਖਰ ਡੀਜੀਪੀ ਨੂੰ ਹਟਾਇਆ ਜਾਏਗਾ ਤੇ ਜਾਂ ਫੇਰ ਸਿੱਧੂ ਇਨ੍ਹਾਂ ਨਿਯੁਕਤੀਆਂ ਨੂੰ ਇਸੇ ਤਰ੍ਹਾਂ ਰਖੀਂ ਰੱਖਣ ਦੇ ਨਾਲ ਹੀ ਨਵਜੋਤ ਸਿੱਧੂ ਮੰਨ ਜਾਣਗੇ ਤੇ ਆਪਣਾ ਅਸਤੀਫਾ ਵਾਪਸ ਲੈ ਲੈਣਗੇ। ਇਸ ਮੀਟਿੰਗ ਵਿੱਚ ਸੀਨੀਅਰ ਆਗੂ ਲਾਲ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਸਿੱਧੂ ਦੇ ਅਸਤੀਫੇ ਉਪਰੰਤ ਪਹਿਲਾਂ ਕੇਂਦਰੀ ਲੀਡਰਸ਼ਿੱਪ ਚੰਡੀਗੜ੍ਹ ਆ ਰਹੀ ਸੀ ਪਰ ਬਾਅਦ ਵਿੱਚ ਹਾਈਕਮਾਂਡ ਨੇ ਸਿੱਧੂ ਨੂੰ ਮਨਾਉਣ ਦੀ ਜਿੰਮੇਵਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਪਾ ਦਿੱਤੀ ਸੀ ਤੇ ਇਸ ਦੇ ਨਾਲ ਹੀ ਉਨ੍ਹਾਂ ਦੋ ਮੰਤਰੀਆਂ ਦੀ ਕਮੇਟੀ ਸਿੱਧੂ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਸੀ ਤੇ ਅਜੇ ਤੱਕ ਸਿੱਧੂ ਨਾਲ ਗੱਲਬਾਤ ਚੱਲ ਰਹੀ ਹੈ।