ਚੰਡੀਗੜ੍ਹ : ਸ਼ਹਿਰ ਦੇ ਸੈਕਟਰ ਤਿੰਨ ਵਿਖੇ ਸਥਿਤ ਪੰਜਾਬ ਭਵਨ ਵਿੱਚ ਕੈਬਿਨੇਟ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਪੰਜਾਬ ਐਮ ਸੇਵਾ' ਮੋਬਾਈਲ ਐਪ ਲਾਂਚ ਕੀਤਾ ਗਿਆ।
ਇਸ ਐਪ ਬਾਰੇ ਦੱਸਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਇਹ ਐਪ ਭਾਰਤੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋ ਚੁੱਕੀ ਹੈ। ਇਸ ਐਪ ਰਾਹੀਂ ਲੋਕਾਂ ਨੂੰ ਕਈ ਸਰਕਾਰੀ ਸਹੂਲਤਾਂ ਆਸਾਨੀ ਨਾਲ ਮਿਲ ਸਕਣਗੀਆਂ। ਇਸ ਦੇ ਰਾਹੀਂ ਹੁਣ ਸੂਬੇ ਦੇ ਲੋਕ ਘਰ ਬੈਠੇ ਹਰ ਵਿਭਾਗ ਦੇ ਵਿਕਾਸ ਕਾਰਜਾਂ ਸਣੇ ਆਪਣੇ ਕੰਮ ਦੀ ਟਰੈਕਿੰਗ ਵੀ ਕਰ ਸਕਣਗੇ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਐਪ ਦਾ ਇਨੀਸ਼ਿਏਟਿਵ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਲਈ ਦੱਸਵੀਂ ਤੇ ਬਾਰ੍ਹਵੀਂ ਜਮਾਤ ਦੇ ਦਸਤਾਵੇਜ ਅਪਲੋਡ ਕੀਤੇ ਜਾਣਗੇ। ਇਸ ਐਪ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਕਾਲਜ ਵਿੱਚ ਦਾਖਲਾ ਲੈਣ ਵਿੱਚ ਆਸਾਨੀ ਹੋਵੇਗੀ। ਵਿਦਿਆਰਥੀ ਇਸ ਐਪ ਰਾਹੀਂ ਦੱਸਵੀਂ ਤੇ ਬਾਰ੍ਹਵੀਂ ਜਮਾਤ ਦੇ ਈ- ਸਰਟੀਫਿਕੇਟ ਵੀ ਹਾਸਲ ਕਰ ਸਕਣਗੇ ਅਤੇ ਉਨ੍ਹਾਂ ਨੂੰ ਸਿੱਖਿਆ ਬੋਰਡ ਦੇ ਚੱਕਰ ਨਹੀਂ ਲਗਾਉਂਣ ਪੈਂਣਗੇ।