ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਵਿਰੁੱਧ ਪਹਿਲੀ ਲਾਈਨ ਵਿੱਚ ਖੜ੍ਹੇ ਹੋ ਕੇ ਲੜ ਰਹੇ ਡਾਕਟਰ ਸਰਕਾਰ ਤੋਂ ਨਾਰਾਜ਼ ਹਨ। ਪੰਜਾਬ ਵਿੱਚ ਲਾਗੂ ਕੀਤੇ ਜਾ ਰਹੇ ਨਵੇਂ ਕਲੀਨਿਕਲ ਇਸਟੇਬਲਿਸ਼ਮੇਟ ਬਿੱਲ ਦੇ ਵਿਰੋਧ ਵਿੱਚ ਸੂਬੇ ਦੇ 10 ਹਜ਼ਾਰ ਨਿੱਜੀ ਡਾਕਟਰ ਹੜਤਾਲ ‘ਤੇ ਰਹਿਣਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਨਿੱਜੀ ਡਾਕਟਰ ਐਮਰਜੈਂਸੀ ਵਿੱਚ ਵੀ ਮਰੀਜ਼ ਦੀ ਜਾਂਚ ਨਹੀਂ ਕਰਨਗੇ।
ਐਕਟ ਦੇ ਵਿਰੋਧ ਵਿੱਚ ਨਿੱਜੀ ਹਸਪਤਾਲ, ਨਰਸਿੰਗ ਹੋਮ, ਕਲੀਨਿਕ, ਲੈਬਾਰਟਰੀ, ਡਾਇਗਨੋਸਟਿਕ ਸੈਂਟਰ, ਦੰਦ, ਆਯੁਰਵੈਦਿਕ ਅਤੇ ਹੋਮਿਓਪੈਥੀ ਸੇਵਾਵਾਂ ਅੱਜ ਬੰਦ ਰਹਿਣਗੀਆਂ। ਸਵੇਰੇ 6 ਤੋਂ 8 ਵਜੇ ਤੱਕ ਮਰੀਜ਼ਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ। ਡਾਕਟਰਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਸੱਦੇ ‘ਤੇ ਮੰਗਲਵਾਰ ਨੂੰ ਹੜਤਾਲ‘ ਤੇ ਜਾਣ ਦਾ ਫੈਸਲਾ ਕੀਤਾ ਹੈ। ਜਲੰਧਰ 'ਚ ਅੱਜ ਸਵੇਰ ਤੋਂ ਹੀ ਡਾਕਟਰ ਹੜਤਾਲ 'ਤੇ ਬੈਠੇ ਹੋਏ ਹਨ।
ਆਈਐਮਏ ਦੀ ਸਕੱਤਰ ਡਾ: ਅਮ੍ਰਿਤਾ ਰਾਣਾ ਨੇ ਕਿਹਾ ਕਿ ਮਰੀਜ਼ਾਂ ਨੂੰ ਪ੍ਰੇਸ਼ਾਨ ਵੇਖ ਡਾਕਟਰਾਂ ਨੂੰ ਬੇਹਦ ਦੁੱਖ ਹੁੰਦਾ ਹੈ। ਡਾਕਟਰਾਂ ਦੀ ਲੜਾਈ ਸਰਕਾਰ ਖ਼ਿਲਾਫ਼, ਇਸ ਦੀਆਂ ਗਲਤ ਨੀਤੀਆਂ ਖ਼ਿਲਾਫ਼ ਹੈ। ਸਰਕਾਰ ਜੋ ਐਕਟ ਲਾਗੂ ਕਰ ਰਹੀ ਹੈ, ਉਹ ਦੇਸ਼ ਦੇ ਕਈ ਰਾਜਾਂ ਵਿੱਚ ਲਾਗੂ ਕੀਤੀ ਗਈ ਹੈ। ਇਸ ਨਾਲ ਸਿਹਤ ਸੇਵਾਵਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ, ਪਰ ਨਿੱਜੀ ਸਿਹਤ ਖੇਤਰ ਵਿੱਚ ਸਰਕਾਰ ਦਾ ਲਾਪ੍ਰਵਾਹੀ ਦਖਲਅੰਦਾਜ਼ੀ ਵਧੀ ਹੈ।
ਇਸ ਤੋਂ ਇਲਾਵਾ ਇਲਾਜ ਮਹਿੰਗਾ ਹੋ ਗਿਆ। ਇਸ ਐਕਟ ਵਿਰੁੱਧ ਆਈਐੱਮਏ ਨੇ ਸਿਹਤ ਮੰਤਰੀ ਨਾਲ ਕਈ ਮੀਟਿੰਗਾਂ ਕੀਤੀਆਂ। ਅਸੀਂ ਸਰਕਾਰ ਨੂੰ ਐਕਟ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ, ਪਰ ਕੋਈ ਹੱਲ ਨਹੀਂ ਮਿਲਿਆ। ਇਹੀ ਕਾਰਨ ਹੈ ਕਿ ਸਾਨੂੰ ਹੁਣ ਹੜਤਾਲ 'ਤੇ ਜਾਣਾ ਪਿਆ ਹੈ।
ਐਮਰਜੈਂਸੀ ਵਿੱਚ ਮਰੀਜ਼ਾਂ ਦਾ ਨਹੀਂ ਕਰਨਗੇ ਇਲਾਜ
ਇਸ ਸਮੇਂ ਦੌਰਾਨ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੋਵੇਗੀ ਕਿ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼, ਜਿਵੇਂ ਕਿ ਸੜਕ ਹਾਦਸਿਆਂ ਵਿੱਚ ਗੰਭੀਰ ਸੱਟਾਂ, ਗਰਭਵਤੀ ਮਹਿਲਾਵਾਂ ਦਾ ਇਲਾਜ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਵਿੱਚ ਵਾਧਾ ਹੋਵੇਗਾ।
ਸਿਹਤ ਮੰਤਰੀ ਨੇ ਹੜਤਾਲ ਵਾਪਸ ਲੈਣ ਦੀ ਕੀਤੀ ਅਪੀਲ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੂੰ ਕਲੀਨੀਕਲ ਸਥਾਪਨਾ ਐਕਟ ਵਿਰੁੱਧ 23 ਜੂਨ ਦੀ ਪ੍ਰਸਤਾਵਿਤ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਸਤਾਵਿਤ ਕਲੀਨਿਕਲ ਸਥਾਪਨਾ ਐਕਟ ਸੰਬੰਧੀ ਆਈਐਮਏ ਵੱਲੋਂ ਉਠਾਏ ਸਾਰੇ ਮੁੱਦਿਆਂ ‘ਤੇ ਵਿਚਾਰ ਕਰਨ ਲਈ ਤਿਆਰ ਹਨ ਤਾਂ ਜੋ ਰਾਜ ਦੇ ਲੋਕਾਂ ਨੂੰ ਕੋਵਿਡ ਸੰਕਟ ਦੌਰਾਨ ਨਿੱਜੀ ਸਿਹਤ ਖੇਤਰ ਤੋਂ ਸਿਹਤ ਸਹੂਲਤਾਂ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਕੋਵੀਡ -19 ਦੇ ਫੈਲਣ ਨੂੰ ਰੋਕਣ ਲਈ ਪੰਜਾਬ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਸਾਰੇ ਮਸਲੇ ਹੱਲ ਕੀਤੇ ਜਾਣਗੇ।