ਬਠਿੰਡਾ: ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ "ਮਿਸ਼ਨ ਫ਼ਤਿਹ" ਮੁਹਿੰਮ ਸ਼ੁਰੂ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੂਕ ਕੀਤੇ ਜਾਣ ਮਗਰੋਂ ਵੀ ਕੁੱਝ ਲੋਕ ਮਾਸਕ ਨਾ ਪਾ ਕੇ ਅਣਗਿਹਲੀ ਕਰ ਰਹੇ ਹਨ।
ਨਗਰ ਨਿਗਮ ਬਠਿੰਡਾ ਵੱਲੋਂ "ਮਿਸ਼ਨ ਫ਼ਤਿਹ" ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਿਨਾਂ ਮਾਸਕ ਪਾ ਕੇ ਆਏ ਲੋਕਾਂ ਨੂੰ ਮਾਸਕ ਵੰਡੇ ਗਏ। ਜੋਗਰ ਪਾਰਕ 'ਚ ਲੋਕਾਂ ਨੂੰ ਜਾਗਰੂਕ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਮਾਸਕ ਪਾ ਕੇ ਅਸੀਂ ਖ਼ੁਦ ਨੂੰ 90 ਫੀਸਦੀ ਕੋਰੋਨਾ ਤੋਂ ਬਚਾ ਸਕਦੇ ਹਾਂ।
ਜੋਗਰ ਪਾਰਕ ਵਿੱਚ ਸੈਰ ਸਪਾਟੇ ਦੇ ਲਈ ਆ ਰਹੇ ਬੱਚੇ ਬਜ਼ੁਰਗ ਅਤੇ ਨੌਜਵਾਨਾਂ ਵੱਲੋਂ ਮਾਸਕ ਨਾ ਪਾ ਕੇ ਵਰਤੀ ਜਾ ਰਹੀ ਅਣਗਹਿਲੀ ਵੀ ਵੱਡੇ ਪੱਧਰ 'ਤੇ ਨਜ਼ਰ ਆਈ। ਇਸ ਬਾਰੇ ਜਦ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਹ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾਉਂਦੇ ਨਜ਼ਰ ਆਏ।
ਇਸ ਮੌਕੇ ਬਠਿੰਡਾ ਦੇ ਨਗਰ ਨਿਗਮ ਅਧਿਕਾਰੀ ਐਸ.ਈ ਸੰਦੀਪ ਗੁਪਤਾ ਅਤੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਜੌੜ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਹਿ ਦੇ ਤਹਿਤ ਨਗਰ ਨਿਗਮ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਮੁਫ਼ਤ ਮਾਸਕ ਵੰਡੇ ਜਾ ਰਹੇ ਹਨ ਅਤੇ ਜੋ ਲੋਕ ਜਾਗਰੂਕ ਹੋਣ ਦੇ ਬਾਵਜੂਦ ਵੀ ਮਾਸਕ ਦੀ ਵਰਤੋਂ ਨਹੀਂ ਕਰਦੇ ਉਨ੍ਹਾਂ ਦੇ ਚਲਾਨ ਕੱਟ ਜਾ ਰਹੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ 'ਚ ਰਹਿ ਕੇ ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਤੇ ਘਰੋਂ ਬਾਹਰ ਨਿਕਲਣ 'ਤੇ ਮਾਸਕ ਤੇ ਬਚਾਅ ਸਬੰਧੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।