ਬਠਿੰਡਾ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਜੋ ਹੁਣ ਖੇਤੀ ਸੁਧਾਰ ਬਿੱਲ ਬਣ ਚੁੱਕੇ ਹਨ, ਨੇ ਪੰਜਾਬ ਦੀ ਸਿਆਸਤ ਵਿੱਚ ਗਰਮਾਹਟ ਪੈਦਾ ਕੀਤੀ ਹੋਈ ਹੈ। ਪੰਜਾਬ ਭਰ ਵਿੱਚ ਕਿਸਾਨ, ਮਜ਼ਦੂਰ, ਆੜ੍ਹਤੀਏ ਅਤੇ ਆਮ ਲੋਕ ਕੇਂਦਰ ਸਰਕਾਰ ਦੇ ਇਨ੍ਹਾਂ ਫੈਸਲਿਆਂ ਵਿਰੁੱਧ ਸੜਕਾਂ 'ਤੇ ਹਨ। ਵੀਰਵਾਰ ਨੂੰ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਵਜ਼ੀਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ 'ਚੋਂ ਬਾਹਰ ਬੁਲਾਉਣ ਦਾ ਫੈਸਲਾ ਲਿਆ ਸੀ ਅਤੇ ਬੀਬੀ ਬਾਦਲ ਨੇ ਅਸਤੀਫ਼ਾ ਵੀ ਦੇ ਦਿੱਤਾ ਹੈ। ਇਸ ਸਾਰੀ ਸਥਿਤੀ ਬਾਰੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਟਿੱਪਣੀ ਕੀਤੀ ਹੈ।
ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਹਰਸਿਮਰਤ ਦਾ ਅਸਤੀਫ਼ਾ ਮਹਿਜ਼ ਦਿਖਾਵਾ ਹੈ। ਉਨ੍ਹਾਂ ਉਰਦੂ ਦੀ ਕਹਾਵਤ ਵਰਤਦੇ ਹੋਏ " ਉਪਰ ਸੇ ਲੜਾਈ ਅੰਦਰ ਸੇ ਭਾਈ-ਭਾਈ" ਕਹਿ ਕੇ ਅਕਾਲੀ ਦਲ ਤੇ ਭਾਜਪਾ 'ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂਰਾ ਕੁਸ਼ਤੀ ਦੀ ਖੇਡ ਖੇਡ ਰਿਹਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਕੀ ਹਰਸਿਮਰਤ ਕੌਰ ਬਾਦਲ ਨੂੰ ਆਰਡੀਨੈਂਸਾਂ ਬਾਰੇ ਜਾਣਕਾਰੀ ਨਹੀਂ ਸੀ? ਉਨ੍ਹਾਂ ਕਿਹਾ ਕਿ ਬਿੱਲ ਜਦੋਂ ਤਿਆਰ ਹੋ ਕੇ ਆਏ ਸਨ, ਉਸ ਸਮੇਂ ਬੀਬੀ ਬਾਦਲ ਨੇ ਬਿੱਲਾਂ ਨੂੰ ਪੜ੍ਹਿਆ ਨਹੀਂ ਸੀ। ਉਨ੍ਹਾਂ ਕਿਹਾ ਅਕਾਲੀ ਦਲ ਦਾ ਇਹ ਕਦਮ ਆਪਣੀ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਅਤੇ ਕਿਸਾਨਾਂ ਦੇ ਵਧ ਰਹੇ ਰੋਹ ਅੱਗੇ ਝੁਕ ਕੇ ਚੁੱਕਿਆ ਗਿਆ ਕਦਮ ਹੈ।