ਬਠਿੰਡਾ: ਸ਼ਹਿਰ ਦੇ ਮਿੰਨੀ ਸੈਕਟਰੀ ਰੋਡ 'ਚ ਸੋਮਵਾਰ ਸਵੇਰ ਤੋਂ ਹੀ ਸਥਾਨਕ ਲੋਕਾਂ ਵੱਲੋਂ ਕੌਂਸਲਰ ਤੇ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਵਾਟਰ ਸਪਲਾਈ ਦੀ ਪਾਈਪ ਪਾਉਣ ਲਈ ਮੁਹੱਲੇ ਦੀ ਸੜਕ ਨੂੰ ਪੁਟਿਆ ਗਿਆ ਸੀ, ਜਿਸ ਕਰਕੇ ਸੀਵਰੇਜ ਦੀ ਪਾਈਪ ਟੁੱਟ ਗਈ। ਸਥਾਨਕ ਵਾਸੀ ਨੇ ਦੱਸਿਆ ਕਿ ਸੀਵਰੇਜ ਦੀ ਪਾਈਪ ਟੁੱਟਣ ਕਾਰਨ ਪੀਣ ਵਾਲੇ ਪਾਣੀ ਤੇ ਸੀਵਰੇਜ ਦੀ ਸਮੱਸਿਆਵਾਂ ਦਾ ਉਨ੍ਹਾਂ ਨੂੰ ਰੋਜ਼ ਸਾਹਮਣਾ ਕਰਨਾ ਪੈਂਦਾ ਹੈ।
ਸਥਾਨਕ ਵਾਸੀ ਸੋਹਨ ਸਿੰਘ ਨੇ ਦੱਸਿਆ ਕਿ ਪਿਛਲੇ 8 ਮਹੀਨੇ ਤੋਂ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਮੁਹੱਲੇ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਟੁੱਟੀ ਹੋਈ ਸੜਕ ਨੂੰ ਵੀ ਨਗਰ ਨਿਗਮ ਨਹੀਂ ਬਣਾ ਰਹੀ ਹੈ, ਜਿਸ ਕਰਕੇ ਮੁਹੱਲੇ ਵਾਸੀਆਂ ਨੂੰ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਇਸ ਦੇ ਚਲਦੇ ਸੋਮਵਾਰ ਨੂੰ ਸਥਾਨਕ ਵਾਸੀਆਂ ਵੱਲੋਂ ਇਹ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਨਗਰ ਕੌਂਸਲਰ ਹੰਸਰਾਜ ਮਿੱਠੂ ਨੇ ਦੱਸਿਆ ਕਿ ਇੱਥੇ ਪਾਣੀ ਦੀ ਟੈਂਕੀ ਬਣਾਈ ਜਾਣੀ ਸੀ, ਪਰ ਨਗਰ ਨਿਗਮ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਨਿਗਮ ਨੂੰ ਵੀ ਕਈ ਵਾਰ ਜਾਣਕਾਰੀ ਦਿੱਤੀ ਗਈ, ਪਰ ਮੁਹੱਲੇ 'ਚ ਆਈ ਸੀਵਰੇਜ ਦੀ ਸਮੱਸਿਆ ਦਾ ਉਨ੍ਹਾਂ ਵੱਲੋਂ ਕੋਈ ਸਾਰ ਨਹੀਂ ਲ਼ਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਦਾ ਗੁੱਸਾ ਜਾਇਜ਼ ਹੈ, ਉਹ ਕਈ ਵਾਰ ਨਗਰ ਨਿਗਮ ਨੂੰ ਚਿੱਠੀ ਵੀ ਲਿਖ ਚੁੱਕੇ ਹਨ। ਨਗਰ ਨਿਗਮ ਹਰ ਵਾਰ ਇਸ ਮਸਲੇ ਨੂੰ ਟਾਲੇ ਪਾ ਰਿਹਾ ਹੈ। ਸਥਾਨਕ ਲੋਕਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਨਗਰ ਨਿਗਮ ਨੇ ਜਲਦ ਇਸ ਸਮੱਸਿਆ ਦਾ ਹਲ ਨਹੀਂ ਕੱਢਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰ ਦੇਣਗੇ।