ਬਠਿੰਡਾ: ਸ਼ਹਿਰ 'ਚ ਅਜੇ ਤੱਕ ਕੋਈ ਵੀ ਕੋਰੋਨਾ ਪੌਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ। ਇੱਥੇ ਪਾਏ ਗਏ ਕੋਰੋਨਾ ਪੌਜ਼ੀਟਿਵ ਦੋ ਮਰੀਜ਼ ਬਾਹਰ ਤੋਂ ਆਏ ਹਨ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਕੋਰੋਨਾ ਸੰਕਟ ਦੇ ਔਖੇ ਸਮੇਂ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਲਈ ਧੰਨਵਾਦ ਕੀਤਾ। ਵਿੱਤ ਮੰਤਰੀ ਵੱਲੋਂ 2 ਮਈ ਤੋਂ ਬਠਿੰਡਾ 'ਚ ਲੌਕਡਾਊਂਨ ਕਾਰਨ ਬੰਦ ਪਈ ਇੰਡਸਟਰੀਆਂ ਦੇ ਖੁਲ੍ਹਣ ਦੇ ਸੰਕੇਤ ਦਿੱਤੇ ਹਨ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡ ਸ਼ਹਿਰ ਪੂਰੀ ਤਰ੍ਹਾਂ ਸੇਫ਼ ਹੈ। ਕਿਉਂਕਿ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਪਹਿਲੇ ਦਿਨ ਤੋਂ ਹੀ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੀਆਂ ਹਨ। ਉਨ੍ਹਾਂ ਦੋ ਮਈ ਤੋਂ ਇੰਡਸਟਰੀ ਸ਼ੁਰੂ ਹੋਣ ਦੇ ਗੱਲ ਆਖੀ ਤੇ ਸਾਰੇ ਹੀ ਕਾਰਖਾਨੇ ਤੇ ਫੈਕਟਰੀ ਮਾਲਕਾ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਨੂੰ ਵੇਖਦਿਆਂ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਘੱਟ ਕੀਤਾ ਜਾ ਸਕੇ।
ਇਸ ਬਾਰੇ ਦੱਸਦੇ ਹੋਏ ਸ਼ਹਿਰ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਕਰਫਿਊ ਦੌਰਾਨ ਸ਼ੁਰੂ ਕਰ ਵਾਲੀ ਫੈਕਟਰੀ ਨੂੰ ਆਪਣੀ ਲੇਬਰ ਨੂੰ ਫ਼ੈਕਟਰੀ/ਯੂਨਿਟ ਦੇ ਅੰਦਰ ਹੀ ਰੱਖਣ ਦੇ ਪ੍ਰਬੰਧ ਕੀਤੇ ਜਾਣਗੇ ਤੇ ਜੇਕਰ ਫ਼ੈਕਟਰੀ ਤੇ ਯੂਨਿਟ ਦੇ ਅੰਦਰ ਮੁਕੰਮਲ ਪ੍ਰਬੰਧ ਨਹੀਂ ਹਨ ਤਾਂ ਲੇਬਰ ਦੇ ਫੈਕਟਰੀ 'ਚ ਆਉਣ ਜਾਣ ਲਈ ਵਿਸ਼ੇਸ਼ ਵਾਹਨਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਨ੍ਹਾਂ ਵਾਹਨਾਂ ਰਾਹੀਂ ਹੀ ਰੋਜ਼ਾਨਾ ਲੇਬਰ ਨੂੰ ਉਸ ਦੇ ਘਰ ਤੋਂ ਲਿਆਇਆ ਅਤੇ ਛੱਡਿਆ ਜਾਵੇਗਾ। ਅਜਿਹੇ ਵਾਹਨਾਂ ਦਾ ਪ੍ਰਬੰਧ ਉਦਯੋਗਪਤੀ ਨੂੰ ਆਪਣੇ ਪੱਧਰ 'ਤੇ ਹੀ ਕਰਨਾ ਹੋਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਲੇਬਰ ਦੇ ਵਿਅਕਤੀ ਤੇ ਫ਼ੈਕਟਰੀ ਮਾਲਕ ਸਵੇਰੇ 10 ਵਜੇ ਤੋਂ ਪਹਿਲਾਂ ਫੈਕਟਰੀ 'ਚ ਜਾ ਸਕਦੇ ਹਨ ਅਤੇ ਸ਼ਾਮ 6 ਵਜੇ ਫੈਕਟਰੀ ਤੋਂ ਘਰ ਵਾਪਸ ਆ ਜਾਣਗੇ। ਦਿਨ ਦੇ ਸਮੇਂ 'ਚ ਕਿਸੇ ਵੀ ਵਿਅਕਤੀ ਨੂੰ ਆਉਣ-ਜਾਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਫ਼ੈਕਟਰੀ 'ਚ ਕੋਈ ਵੀ ਵਿਅਕਤੀ ਪੈਦਲ ਜਾਂ ਆਪਣੇ ਕਿਸੇ ਨਿੱਜੀ ਵਾਹਨਾਂ 'ਤੇ ਨਹੀਂ ਆ ਜਾ ਸਕੇਗਾ ਸਗੋਂ ਆਵਾਜਾਈ ਲਈ ਵਿਸ਼ੇਸ਼ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਵਾਹਨ ਦਾ ਕਰਫਿਊ ਪਾਸ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਕੀਤਾ ਜਾਵੇਗਾ। ਕੰਮ ਦੌਰਾਨ ਸਮਾਜਿਕ ਦੂਰੀ ਕਾਇਮ ਰੱਖਣ ਨੂੰ ਯਕੀਨੀ ਬਣਾਇਆ ਜਾਵੇ। ਭਾਰਤ ਸਰਕਾਰ ਵਲੋਂ ਜਾਰੀ ਐਸ.ਓ.ਪੀ. ਦੀਆਂ ਸ਼ਰਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਜਨਰਲ ਮੈਨੇਜ਼ਰ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਸਹਾਇਕ ਲੇਬਰ ਕਮਿਸ਼ਨਰ ਤੇ ਡਿਪਟੀ ਡਾਇਰੈਕਟਰ, ਫ਼ੈਕਟਰੀ 'ਚ ਸਮੇਂ- ਸਮੇਂ ਚੈਕਿੰਗ ਕਰਕੇ ਇਨ੍ਹਾਂ ਸ਼ਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਜੇਕਰ ਕੋਈ ਵੀ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।