ਬਠਿੰਡਾ : ਮਨੁੱਖ ਲਈ ਅਜੋਕੇ ਸਮੇਂ ਵਿੱਚ ਦੋ ਸਭ ਤੋਂ ਵੱਡੀਆਂ ਜ਼ਰੂਰਤਾਂ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਇਹ ਸਿਰਫ ਦਾਅਵੇ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਇਨ੍ਹਾਂ ਨੂੰ ਕਦੇ ਅਮਲੀ-ਜਾਮਾ ਨਹੀਂ ਪਾਇਆ ਜਾ ਸਕਿਆ ਜੇ ਗੱਲ ਬਠਿੰਡਾ ਦੇ ਪਿੰਡ ਭਾਈਰੂਪਾ ਦੀ ਕਰੀਏ ਤਾਂ ਇੱਥੇ ਬਣੇ ਸਰਕਾਰੀ ਹਸਪਤਾਲ ਦੀ ਹਾਲਤ ਇੰਨੀ ਕੁ ਖਸਤਾ ਹੋ ਚੁੱਕੀ ਹੈ ਕਿ ਹਸਪਤਾਲ ਆਪ ਇੰਜ ਜਾਪਦਾ ਹੈ ਜਿਵੇਂ ਖ਼ੁਦ ਇਲਾਜ ਨੂੰ ਤਰਸ ਰਿਹਾ ਹੋਵੇ।
100 ਸਾਲ ਪੁਰਾਣੀ ਅਸੁਰੱਖਿਅਤ ਇਮਾਰਤ ਵਿੱਚ ਕੀਤਾ ਜਾਂਦਾ ਹੈ ਮਰੀਜ਼ਾਂ ਦਾ ਇਲਾਜ: 18 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਭਾਈਰੂਪਾ ਦਾ ਇੱਕੋ-ਇੱਕ ਸਰਕਾਰੀ ਹਸਪਤਾਲ ਅਜਿਹੀ ਇਮਾਰਤ ਵਿੱਚ ਚੱਲ ਰਿਹਾ ਹੈ ਜੋ ਕਿ 100 ਸਾਲ ਪੁਰਾਣੀ ਹੈ ਅਤੇ ਅਸੁਰੱਖਿਅਤ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਵੱਲੋਂ ਮੰਗ ਪੱਤਰ ਦਿੱਤੇ ਜਾਂਦੇ ਰਹੇ ਪਰ ਇਸ ਸਰਕਾਰੀ ਹਸਪਤਾਲ ਦੀ ਕਿਸੇ ਵੀ ਸਿਆਸੀ ਪਾਰਟੀ ਨੇ ਕੋਈ ਸਾਰ ਨਹੀਂ ਲਈ ਪੁਰਾਣੀ ਇਮਾਰਤ ਦੀ ਛੱਤ ਵਿੱਚੋਂ ਦਰੱਖਤਾਂ ਦੀਆਂ ਟਾਹਣੀਆਂ ਅੰਦਰ ਆ ਗਈਆਂ ਹਨ। ਬਾਰਸ਼ ਦੇ ਮੌਸਮ ਵਿੱਚ ਹਸਪਤਾਲ ਦੀਆਂ ਛੱਤਾਂ ਚੋਂਦੀਆਂ ਹਨ ਜੋ ਕਿ ਕਿਸੇ ਵੱਡੀ ਦੁਰਘਟਨਾ ਨੂੰ ਅੰਜ਼ਾਮ ਵੀ ਦੇ ਸਕਦੀਆਂ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੱਥੇ ਨਵੀਂ ਇਮਾਰਤ ਬਣਾਈ ਜਾਵੇ।
ਚਾਰ ਬੈਡਾਂ ਵਾਲੇ ਇਸ ਹਸਪਤਾਲ ਵਿੱਚ ਨਹੀਂ ਕੋਈ ਡਾਕਟਰ: ਚਾਰ ਬੈੱਡਾਂ ਵਾਲੇ ਭਾਈਰੂਪਾ ਦੇ ਸਰਕਾਰੀ ਹਸਪਤਾਲ ਵਿੱਚ ਸਟਾਫ ਦੀ ਵੱਡੀ ਕਮੀ ਵੇਖਣ ਨੂੰ ਮਿਲ ਰਹੀ ਹੈ। ਸਿਹਤ ਵਿਭਾਗ ਦੇ ਕਰਮਚਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ ਡਾਕਟਰਾਂ ਦੀ ਸਭ ਤੋਂ ਵੱਡੀ ਕਮੀ ਹੈ। ਵੱਡੀ ਆਬਾਦੀ ਵਾਲਾ ਪਿੰਡ ਹੋਣ ਕਾਰਨ ਇੱਥੇ ਆਏ ਦਿਨ ਮਰੀਜ਼ ਵੱਡੀ ਗਿਣਤੀ ਵਿੱਚ ਦਵਾਈ ਲੈਣ ਲਈ ਆਉਂਦੇ ਹਨ ਪਰ ਡਾਕਟਰਾਂ ਦੀ ਘਾਟ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਸੁਰੱਖਿਅਤ ਇਮਾਰਤ ਦੇ ਥੱਲੇ ਉਨ੍ਹਾਂ ਨੂੰ ਮਰੀਜ਼ਾਂ ਦੀ ਦੇਖ ਰੇਖ ਕਰਨੀ ਪੈਂਦੀ ਹੈ ਜਿਸ ਕਾਰਨ ਉਹ ਖੁਦ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਪਿੰਡ ਵਾਲੇ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਕਰ ਹੰਭੇ ਇਲਾਜ ਲਈ ਜਾਣਾ ਪੈਂਦਾ ਹੈ ਸੱਠ ਤੋਂ ਸੱਤਰ ਕਿਲੋਮੀਟਰ ਦੂਰ: ਭਾਈਰੂਪਾ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੀ ਆਬਾਦੀ ਜ਼ਿਆਦਾ ਹੋਣ ਕਾਰਨ ਇਥੇ ਸਿਹਤ ਸੇਵਾਵਾਂ ਦੀ ਵੱਡੀ ਲੋੜ ਹੈ ਵਾਰ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਨਾ ਹੀ ਇੱਥੇ ਨਵੀਂ ਇਮਾਰਤ ਦੀ ਉਸਾਰੀ ਕੀਤੀ ਗਈ ਅਤੇ ਨਾ ਹੀ ਇਹ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ। ਜਿਸ ਕਾਰਨ ਉਨ੍ਹਾਂ ਨੂੰ ਐਮਰਜੈਂਸੀ ਸਮੇਂ ਪੰਜਾਹ ਪੰਜਾਹ ਸੱਠ ਸੱਠ ਕਿਲੋਮੀਟਰ ਦਾ ਸਫਰ ਤੈਅ ਕਰਕੇ ਮਰੀਜ਼ ਨੂੰ ਲੈ ਕੇ ਜਾਣਾ ਪੈਂਦਾ ਹੈ। ਕਈ ਵਾਰ ਹਾਲਾਤ ਇਹੋ ਜਿਹੇ ਪੈਦਾ ਹੋ ਜਾਂਦੇ ਹਨ ਕਿ ਡਾਕਟਰ ਵੀ ਮਰੀਜ਼ ਨੂੰ ਨਹੀਂ ਬਚਾ ਪਾਉਂਦੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਸੁਰੱਖਿਅਤ ਬਿਲਡਿੰਗ ਵਿੱਚ ਚੱਲ ਰਹੇ। ਇਸ ਸਰਕਾਰੀ ਹਸਪਤਾਲ ਨੂੰ ਨਵੀਂ ਇਮਾਰਤ ਬਣਾ ਕੇ ਉਸ ਵਿੱਚ ਤਬਦੀਲ ਕੀਤਾ ਜਾਵੇ । ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਚੰਗੀਆਂ ਸਹੂਲਤਾਵਾਂ ਮਿਲ ਸਕਣ।
ਇਹ ਵੀ ਪੜ੍ਹੋ : ਆਸਟ੍ਰੇਲੀਆ ਵਿੱਚ ਪੰਜਾਬਣ ਦੇ ਚਰਚੇ, ਦੇਸ਼ ਦਾ ਨਾਂ ਕੀਤਾ ਰੌਸ਼ਨ