ਬਠਿੰਡਾ: ਇੱਕ ਪਾਸੇ ਜਿੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਗੈਂਗਸਟਰਾਂ ਦੇ ਨਾਂ ਉੱਤੇ ਲੋਕਾਂ ਕੋਲੋਂ ਫਿਰੌਤੀ ਮੰਗਣ ਦਾ ਸਿਲਸਿਲਾ ਲਗਾਤਾਰ ਸਾਹਮਣੇ ਆ ਰਿਹਾ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਕਸਬਾ ਰਾਮਾ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਪਾਰੀ ਅੰਕਿਤ ਗੋਇਲ ਕੋਲੋਂ ਇੱਕ ਕਰੋੜ ਦੀ ਫਿਰੌਤੀ ਮੰਗੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਕਸਬਾ ਰਾਮਾ ਮੰਡੀ ਦੇ ਵਪਾਰੀ ਅੰਕਿਤ ਗੋਇਲ ਕੋਲੋਂ ਵੱਟਸਐਪ ਕਾਲ ਰਾਹੀਂ ਇੱਕ ਕਰੋੜ ਦੀ ਮੰਗ ਕੀਤੀ ਗਈ ਹੈ। ਵੱਟਸਐਪ ਕਾਲ ਕਰਨ ਵਾਲੇ ਨੇ ਖੁਦ ਨੂੰ ਲਾਰੈਂਸ ਗਰੁੱਪ ਦਾ ਮੈਂਬਰ ਦੱਸਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ 17 ਤਰੀਕ ਨੂੰ ਵਪਾਰੀ ਦੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ। ਫਿਰੌਤੀ ਦੀ ਰਕਮ ਨਾ ਦੇਣ ’ਤੇ ਵਪਾਰੀ ਦੇ ਪਰਿਵਾਰਿਕ ਮੈਂਬਰਾਂ ਦਾ ਜਾਨੀ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ ਹੈ।
ਫਿਲਹਾਲ ਪੁਲਿਸ ਨੇ ਅੰਕਿਤ ਗੋਇਲ ਦੀ ਸ਼ਿਕਾਇਤ ਉੱਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਅਸਲਾ ਐਕਟ ਸਣੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਮਾਮਲੇ ਸਬੰਧੀ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ। ਇਸ ਆਡੀਓ ਵਿੱਚ ਫਿਰੌਤੀ ਸਬੰਧੀ ਗੱਲ ਕੀਤੀ ਜਾ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਦੀ ਪੁਸ਼ਟੀ ਈਟੀਵੀ ਭਾਰਤ ਨਹੀਂ ਕਰਦਾ ਹੈ।