ਬਠਿੰਡਾ: ਕੈਨੇਡਾ ਦੇ ਮਿਸੀਸਿਗਾ ਵਿਖੇ ਬੀਤੇ ਸੋਮਵਾਰ ਦੀ ਸ਼ਾਮ ਕਰੀਬ 6 ਵਜੇ ਭਗਤੇ ਭਾਈਕਾ ਨਾਲ ਸੰਬੰਧਿਤ ਲੜਕੀ ਦੀ ਓਥੋਂ ਦੇ ਕੈਨੇਡੀਅਨ ਟਾਇਰ ਨਾਮਕ ਸ਼ੌਪਿੰਗ ਮਾਲ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ (Death of Punjabi girl in Canada) ਹੋਣ ਮਗਰੋਂ ਕੈਨੇਡਾ ਦੀ ਪੁਲਿਸ ਨੇ ਸ਼ੱਕ ਦੇ ਅਧਾਰ ਉੱਤੇ ਬਠਿੰਡਾ ਦੇ ਪਿੰਡ ਗੁਰੂਸਰ (Gurusar village of Bathinda News) ਦੇ ਇੱਕ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਪੁੱਤਰ ਦੀ ਗ੍ਰਿਫ਼ਤਾਰੀ ਮਗਰੋਂ ਬਠਿੰਡਾ ਦੇ ਪਿੰਡ ਗੁਰੂਸਰ ਤੋਂ ਲੜਕੇ ਦੇ ਪਿਤਾ ਗੁਰਮੇਲ ਸਿੰਘ ਨੇ ਕਿਹਾ ਹੈ ਕਿ ਉਸ ਦਾ ਲੜਕਾ ਬੇਕਸੂਰ ਹੈ।
ਇਹ ਵੀ ਪੜੋ: ਫਾਇਨਾਂਸ ਕੰਪਨੀ ਦੇ ਕਰਿੰਦਿਆਂ ਕੋਲੋ ਪਿਸਤੌਲ ਦੀ ਨੋਕ ਉੱਤੇ ਲੁੱਟ
ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਦਨਪ੍ਰੀਤ ਕੌਰ ਦਾ ਵਿਆਹ ਉਸਦੇ ਲੜਕੇ ਚਰਨਜੀਤ ਸਿੰਘ ਵਾਸੀ ਗੁਰੂਸਰ ਨਾਲ ਮਿਤੀ 18 ਮਈ 2019 ਨੂੰ ਹੋਇਆ ਸੀ, ਜੋ ਕਿ ਵਿਆਹ ਦਾ ਖਰਚਾ ਵੀ ਚਰਨਜੀਤ ਸਿੰਘ ਯਾਨੀ ਲੜਕੇ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ। ਇਸਤੋਂ ਬਾਅਦ ਕੈਨੇਡਾ ਜਾਣ ਲਈ ਚੰਦਨਪ੍ਰੀਤ ਕੌਰ ਦੀ ਸਟੱਡੀ ਫ਼ਾਈਲ ਤੋਂ ਲੈਕੇ ਕਾਲਜ ਦੀਆਂ ਫੀਸਾਂ ਵਗੈਰਾ ਦਾ ਕੁਲ ਖਰਚਾ ਕਰੀਬ 60 ਲੱਖ ਰੁਪਏ ਚਰਨਜੀਤ ਦੇ ਪਰਿਵਾਰ ਵੱਲੋਂ ਭਰੇ ਗਏ ਸਨ, ਜੋ ਕਿ ਇਹਨਾਂ ਪੈਸਿਆਂ ਵਿੱਚੋਂ ਕੁਝ ਰਕਮ ਲੜਕੀ ਨੇ ਆਪਣੇ ਪਰਿਵਾਰ ਨੂੰ ਵੀ ਭੇਜੀ ਸੀ।
ਉਹਨਾਂ ਨੇ ਕਿਹਾ ਕਿ ਜਦੋਂ ਬਾਅਦ ਵਿੱਚ ਚਰਨਜੀਤ ਸਿੰਘ ਦਾ ਸਪਾਊਸ ਵਰਕ ਵੀਜ਼ਾ ਆਇਆ ਅਤੇ ਲੜਕਾ ਕੈਨੇਡਾ ਚਲਾ ਗਿਆ ਜਿਥੇ ਕਿ ਲੜਕੀ ਕਰੀਬ 3-4 ਦਿਨ ਚਰਨਜੀਤ ਸਿੰਘ ਨਾਲ ਰਹੀ ਜਿਸ ਤੋਂ ਬਾਅਦ ਚਰਨਜੀਤ ਸਿੰਘ ਨੂੰ ਪਤਾ ਲੱਗਾ ਕਿ ਲੜਕੀ ਦੇ ਪਹਿਲਾਂ ਹੀ ਉਥੇ ਕਿਸੇ ਹੋਰ ਲੜਕੇ ਨਾਲ ਨਜਾਇਜ਼ ਸੰਬੰਧ ਸਨ ਤੇ ਉਹ ਉਸ ਨਾਲ ਹੀ ਹੀ ਰਹਿ ਰਹੀ ਸੀ। ਕੁਝ ਦਿਨਾਂ ਬਾਅਦ ਲੜਕੀ ਉਸੇ ਲੜਕੇ ਕੋਲ ਚਲੀ ਗਈ ਤੇ ਬਾਅਦ ਵਿੱਚ ਲੜਕੀ ਨੇ ਆਪਣੀ ਕਿਸੇ ਸੋਸ਼ਲ ਮੀਡੀਆ ਆਈਡੀ ਰਾਹੀਂ ਉਸ ਲੜਕੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਵੀ ਅਪਲੋਡ ਕੀਤੀਆਂ ਸਨ ਜੋ ਕਿ ਲੜਕੇ ਦੇ ਪਰਿਵਾਰਿਕ ਮੈਂਬਰਾਂ ਕੋਲ ਮੌਜੂਦ ਹਨ।
ਗੁਰਮੇਲ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਸਦਾ ਲੜਕਾ ਚਰਨਜੀਤ ਸਿੰਘ ਕੰਮ ਉਪਰੋਂ ਵਾਪਸ ਆਇਆ ਤਾਂ ਉਥੇ ਚੰਦਨਪ੍ਰੀਤ ਕੌਰ ਦਾ ਸਮਾਨ ਨਹੀਂ ਸੀ, ਜਦ ਉਸਨੇ ਲੜਕੀ ਨੂੰ ਫੋਨ ਕਰਿਆ ਤਾਂ ਉਸਨੇ ਜਵਾਬ ਦਿੱਤਾ ਕਿ ਉਹ ਜਿਥੇ ਜਾਣਾ ਚਾਉਂਦੀ ਸੀ ਚਲੀ ਗਈ ਹੈ ਅਤੇ ਅਗਲੇ ਦਿਨ ਲੜਕੀ ਦੁਆਰਾ ਚਰਨਜੀਤ ਸਿੰਘ ਨੂੰ ਘਰੋਂ ਕੱਢ ਦਿੱਤਾ ਕਿ ਇਹ ਘਰ ਤੇਰੇ ਲਈ ਨਹੀਂ ਹੈ ਤੂੰ ਆਪਣਾ ਕੋਈ ਹੋਰ ਪ੍ਰਬੰਧ ਕਰ ਲੈ ਤੇ ਇਸਦੇ ਨਾਲ ਹੀ ਚਰਨਜੀਤ ਸਿੰਘ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਇਥੇ ਨੇੜੇ ਤੇੜੇ ਨਜਰ ਆਇਆ ਤਾਂ ਤੈਨੂੰ ਝੂਠੇ ਕੇਸ ਵਿੱਚ ਫਸਾ ਦੇਵਾਂਗੀ ਅਤੇ ਵਾਪਸ ਭਾਰਤ ਡਿਪੋਰਟ ਕਰਵਾ ਦੇਵਾਂਗੀ।
ਉਹਨਾਂ ਕਿਹਾ ਕਿ ਇਸ ਬਾਅਦ ਚਰਨਜੀਤ ਸਿੰਘ ਵਾਪਸ ਭਾਰਤ ਆ ਗਿਆ ਤੇ ਇਥੇ ਵੀ ਉਸਨੂੰ ਫੋਨ ਉਪਰ ਧਮਕੀਆਂ ਆਉਂਦੀਆਂ ਰਹੀਆਂ ਜਿਸਤੋਂ ਤੰਗ ਆਕੇ ਚਰਨਜੀਤ ਸਿੰਘ ਨੇ ਖੇਤ ਵਿੱਚ ਜਾਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸੇ ਵੇਲੇ ਗੁਆਂਢੀ ਨੂੰ ਪਤਾ ਲੱਗਣ ਉਪਰੰਤ ਉਸਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਕਿ ਮੁਸ਼ਕਲ ਨਾਲ ਉਸਦੀ ਜਾਨ ਬਚ ਗਈ। ਉਹਨਾਂ ਕਿਹਾ ਕਿ ਕੁਝ ਦਿਨਾਂ ਬਾਅਦ ਚਰਨਜੀਤ ਸਿੰਘ ਦੇ ਠੀਕ ਹੋਣ ਮਗਰੋਂ ਪੰਚਾਇਤ ਇਕੱਠੀ ਕਰਕੇ ਗੱਲ ਹੋਈ ਜਿਸ ਵਿੱਚ ਉਕਤ ਲੜਕੀ ਦੇ ਰਵਈਏ ਤੋਂ ਚਲਦਿਆਂ ਚਰਨਜੀਤ ਸਿੰਘ ਕੈਨੇਡਾ ਵਾਪਸ ਨਹੀਂ ਜਾਣਾ ਚਾਉਂਦਾ ਸੀ ਅਤੇ ਨਾ ਹੀ ਉਸਦੇ ਪਰਿਵਾਰਿਕ ਮੈਂਬਰ ਉਸਨੂੰ ਤੋਰਨ ਲਈ ਰਾਜੀ ਸਨ, ਜੋ ਕਿ ਬਾਅਦ ਵਿੱਚ ਪੰਚਾਇਤ ਦੀ ਮੌਜੂਦਗੀ ਵਿੱਚ ਇਹ ਗੱਲ ਹੋਈ ਕਿ ਜੋ ਖਰਚਾ ਹੁਣ ਤਕ ਚਰਨਜੀਤ ਸਿੰਘ ਦੇ ਪਰਿਵਾਰ ਦਾ ਹੋਇਆ ਹੈ ਉਹ ਉਹਨਾਂ ਨੂੰ ਵਾਪਸ ਦਿੱਤਾ ਜਾਏ ਤੇ ਬਕਾਇਦਾ ਉਹਨਾ ਦੇ ਲੜਕੇ ਨੂੰ ਲੜਕੀ ਤੋਂ ਤਲਾਕ ਦਿਵਾਇਆ ਜਾਏ।
ਉਹਨਾਂ ਦੱਸਿਆ ਕਿ ਇਸ ਰਾਜੇਨਾਮੇ ਉੱਤੇ ਲੜਕੀ ਦਾ ਪਰਿਵਾਰ ਸਹਿਮਤ ਤਾਂ ਹੋ ਗਿਆ, ਪਰ ਵਾਰ ਵਾਰ ਗੱਲ ਕਰਨ ਉੱਤੇ ਹਰ ਗੱਲੋਂ ਪਾਸਾ ਵੱਟਦਾ ਰਿਹਾ ਜਦ ਬਾਅਦ ਵਿੱਚ ਦੁਬਾਰਾ ਪੰਚਾਇਤ ਬੁਲਾਈ ਗਈ ਤਾਂ ਲੜਕੀ ਦਾ ਪਰਿਵਾਰ ਖਰਚੇ ਦੀ ਰਕਮ ਵਾਪਸ ਦੇਣ ਤੋਂ ਸਾਫ ਇਨਕਾਰ ਕਰ ਗਿਆ ਤੇ ਲੜਕੇ ਨੂੰ ਸਿਰਫ ਇਹ ਦਲੀਲ ਦਿੱਤੀ ਗਈ ਕਿ ਉਹਨਾ ਦੀ ਲੜਕੀ ਲੜਕੇ ਨੂੰ ਪੀਆਰ ਦਿਵਾ ਸਕਦੀ ਹੈ, ਜਿਸਦੇ ਚਲਦਿਆਂ ਚਰਨਜੀਤ ਸਿੰਘ ਦੇ ਪਰਿਵਾਰ ਕੋਲ ਕੋਈ ਹੋਰ ਰਾਹ ਨਹੀਂ ਸੀ ਤੇ ਆਖਿਰਕਾਰ 2 ਮਹੀਨੇ ਬਾਅਦ ਚਰਨਜੀਤ ਸਿੰਘ ਵਾਪਸ ਕੈਨੇਡਾ ਆਪਣੇ ਦੋਸਤਾਂ ਕੋਲ ਅਲੱਗ ਰਹਿਣ ਲਈ ਚਲਾ ਗਿਆ।
ਗੁਰਮੇਲ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਦੇ ਕੈਨੇਡਾ ਆਉਣ ਮਗਰੋਂ ਉਕਤ ਲੜਕੀ ਨੇ ਕਰੀਬ 10 ਦਿਨਾਂ ਬਾਅਦ ਉਸਨੂੰ ਫੋਨ ਕਰਕੇ ਆਪਣੇ ਕੋਲ ਇਹ ਕਹਿ ਕੇ ਬੁਲਾਇਆ ਗਿਆ ਕਿ ਉਸਦੀ ਪੀਆਰ ਫ਼ਾਈਲ ਅਪਲਾਈ ਕਰਨੀ ਹੈ। ਉਹਨਾ ਕਿਹਾ ਕਿ ਜਦ ਚਰਨਜੀਤ ਸਿੰਘ ਲੜਕੀ ਦੁਆਰਾ ਦੱਸੇ ਗਏ ਪਤੇ ਉਪਰ ਪੁੱਜਿਆ ਤਾਂ ਉਥੇ ਉਕਤ ਲੜਕੀ ਤੇ ਉਸਦਾ ਬੋਆਏਫਰੈਂਡ ਸਨ, ਜਿਹਨਾਂ ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਹਮਲੇ ਦੌਰਾਨ ਲੜਕੀ ਦਾ ਦੋਸਤ ਉਥੋਂ ਫ਼ਰਾਰ ਹੋ ਗਿਆ, ਜਿਸ ਬਾਅਦ ਉਕਤ ਘਟਨਾ ਵਾਪਰ ਗਈ ਜਿਸ ਵਿੱਚ ਲੜਕੀ ਚੰਦਨਪ੍ਰੀਤ ਕੌਰ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਕੈਨੇਡਾ ਪੁਲਿਸ ਵੱਲੋਂ ਚਰਨਜੀਤ ਸਿੰਘ ਨੂੰ ਉਕਤ ਘਟਨਾ ਦੇ ਸੰਬੰਧ ਵਿੱਚ ਪਹਿਲੇ ਦਰਜੇ ਦੇ ਕਤਲ ਦੇ ਚਾਰਜ ਅਧੀਨ ਸ਼ੱਕ ਦੇ ਆਧਾਰ ਉਪਰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਓਥੋਂ ਦੀ ਪੁਲਿਸ ਵੱਲੋਂ ਘਟਨਾ ਦੇ ਸਬੂਤ ਜੁਟਾਉਣ ਲਈ ਲੋਕਾਂ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਇਸ ਮੌਕੇ ਪੀੜਤ ਗੁਰਮੇਲ ਸਿੰਘ ਦੇ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ।
ਇਹ ਵੀ ਪੜੋ: Love Horoscope: ਵੀਕੈਂਡ ਦੀ ਸ਼ੁਰੂਆਤ 'ਚ ਹੋਵੇਗੀ ਨਵੇਂ ਪਿਆਰ ਦੀ ਦਸਤਕ, ਜਾਣੋ ਆਪਣੀ ਰਾਸ਼ੀ ਦਾ ਹਾਲ