ਫਾਜ਼ਿਲਕਾ: ਜ਼ਿਲ੍ਹੇ ਦੇ ਅਧੀਨ ਆਉਂਦੀ ਸਬ ਤਹਿਸੀਲ ਅਬੋਹਰ ਦਾ ਪਿੰਡ ਡੰਗਰ ਖੇੜਾ ਜਿਸ ਦੇ ਵਸਨੀਕ ਕਿਸੇ ਸਮੇਂ ਆਪਣੇ ਪਿੰਡ ਦਾ ਨਾਂ ਲੈਣ ਤੋਂ ਝਿਜਕਦੇ ਸੀ ਅੱਜ ਉਨ੍ਹਾਂ ਨੂੰ ਆਪਣੇ ਪਿੰਡ ਦੇ ਨਾਂ ’ਤੇ ਮਾਣ ਹੈ, ਪਿੰਡ ਡੰਗਰ ਖੇੜਾ ਦਾ ਨਾਂ ਅਜੀਬ ਹੋਣ ਕਾਰਨ ਇੱਥੇ ਪੜ੍ਹਨ ਲਈ ਬਾਹਰ ਜਾਂਦੇ ਵਿਦਿਆਰਥੀਆਂ ਵੱਲੋਂ ਹਮੇਸ਼ਾਂ ਆਪਣੇ ਨਾਂ ਨੂੰ ਲੁਕਾਇਆ ਜਾਂਦਾ ਸੀ ਪਰ ਅੱਜ ਇਸ ਪਿੰਡ ਦੀ ਤੂਤੀ ਦੇਸ਼ ਵਿਦੇਸ਼ ਤਕ ਬੋਲਦੀ ਹੈ।
ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ: ਜੀ ਹਾਂ ਦੱਸ ਦਈਏ ਕਿ ਸ਼ਾਇਦ ਹੀ ਪੰਜਾਬ ਦਾ ਹੀ ਨਹੀਂ ਦੇਸ਼ ਦਾ ਪਹਿਲਾ ਪਿੰਡ ਹੋਵੇਗਾ ਜਿੱਥੇ ਇਕ ਪਿੰਡ ਵਿੱਚੋਂ ਇਕੱਲੇ 200 ਦੇ ਕਰੀਬ ਸਰਕਾਰੀ ਅਧਿਆਪਕ ਹਨ। ਪਛੜੇ ਹੋਏ ਇਲਾਕੇ ਨਾਲ ਸਬੰਧਤ ਹੋਣ ਦੇ ਬਾਵਜੂਦ ਸਿੱਖਿਆ ਦੇ ਖੇਤਰ ਵਿੱਚ ਐਨੀਆਂ ਵੱਡੀਆਂ ਪ੍ਰਾਪਤੀਆਂ ਕਰਨ ਵਾਲਾ ਪਿੰਡ ਡੰਗਰ ਖੇੜਾ ਅੱਜ ਦੇਸ਼ ਵਿਦੇਸ਼ ਵਿੱਚ ਆਪਣੀ ਇੱਕ ਵੱਖਰੀ ਪਛਾਣ ਰੱਖਦਾ ਹੈ।
ਪਿੰਡ ਡੰਗਰ ਖੇੜਾ ਦਾ ਇਤਿਹਾਸ: ਪਿੰਡ ਦੇ ਸਾਬਕਾ ਸਰਪੰਚ ਸੋਹਨ ਲਾਲ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਨੇੜੇ ਤੇੜੇ ਪੀਣ ਦਾ ਪਾਣੀ ਨਹੀਂ ਸੀ ਮਿਲਦਾ ਅਤੇ ਲੋਕ ਦੂਰੋਂ ਦੂਰੋਂ ਉਨ੍ਹਾਂ ਦੇ ਪਿੰਡ ਨੇੜੇ ਬਣੇ ਟੋਭੇ ਤੇ ਡੰਗਰਾਂ ਨੂੰ ਪਾਣੀ ਪਿਆਉਣ ਲਈ ਆਉਂਦੇ ਸਨ ਜਿਸ ਕਰ ਕੇ ਹੌਲੀ ਹੌਲੀ ਇਸ ਜਗ੍ਹਾ ਦਾ ਨਾਂ ਡੰਗਰ ਖੇੜਾ ਰੱਖਿਆ ਗਿਆ ਅਤੇ ਇਹ ਰੀਤ ਦਿਨੋ ਦਿਨ ਵਧਦੀ ਗਈ। ਦੱਸ ਹਜਾਰ ਆਬਾਦੀ ਵਾਲੇ ਪਿੰਡ ਡੰਗਰ ਖੇੜਾ ਵਿੱਚ ਇੱਕੋ ਹੀ ਸਰਪੰਚ ਚੁਣਿਆ ਜਾਂਦਾ ਹੈ ਅਤੇ ਇਸ ਇਕੱਲੇ ਪਿੰਡ ਵਿਚ 200 ਤੋਂ ਵੱਧ ਸਰਕਾਰੀ ਅਧਿਆਪਕ ਅਤੇ ਵੱਖ-ਵੱਖ ਭਾਗਾਂ ਵਿੱਚ ਕਰੀਬ 400 ਦੇ ਕਰੀਬ ਸਰਕਾਰੀ ਮੁਲਾਜ਼ਮ ਲੱਗੇ ਹੋਏ ਹਨ।
ਆਪਸੀ ਭਾਈਚਾਰਾ ਸਭ ਤੋਂ ਵੱਡਾ ਜ਼ਰੀਆ: ਉਨ੍ਹਾਂ ਨੇ ਅੱਗੇ ਦੱਸਿਆ ਕਿ ਪਿੰਡ ਦੀ ਤਰੱਕੀ ਲਈ ਆਪਸੀ ਭਾਈਚਾਰਾ ਸਭ ਤੋਂ ਵੱਡਾ ਜ਼ਰੀਆ ਬਣਿਆ ਹੈ। ਪੁਰਾਣੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਿੱਖਿਅਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੜ੍ਹਾਈ ਲਈ ਪਿੰਡ ਤੋਂ ਬਾਹਰ ਭੇਜਿਆ ਗਿਆ ਬਾਹਰ ਪਡ਼੍ਹਾਈ ਕਰਨ ਕਾਰਨ ਆ ਰਹੀਆਂ ਦਿੱਕਤਾਂ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਯਤਨ ਕੀਤੇ ਗਏ ਅਤੇ ਪਿੰਡ ਵਿੱਚ ਸਰਕਾਰੀ ਸਕੂਲ ਨੂੰ ਹਾਈ ਸਕੂਲ ਵਿੱਚ ਤਬਦੀਲ ਕਰਵਾਇਆ ਗਿਆ।
ਪਿੰਡ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਂਦੇ ਨੌਜਵਾਨ: ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਇੱਕ ਵੀ ਪ੍ਰਾਈਵੇਟ ਸਕੂਲ ਨਹੀਂ ਅਤੇ ਇੱਥੋਂ ਦੇ ਸਰਕਾਰੀ ਸਕੂਲ ਤੋਂ ਹੀ ਪੜ੍ਹ ਕੇ ਵੱਖ ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲੇ ਵਿਅਕਤੀ ਅੱਜ ਵੀ ਆਪਣੇ ਪਿੰਡ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਭਾਵੇਂ ਉਹ ਤਰੱਕੀ ਦੇ ਕਾਰਨ ਪਿੰਡ ਛੱਡ ਗਏ ਹਨ ਪਰ ਅੱਜ ਵੀ ਪਿੰਡ ਨਾਲ ਜੁੜੇ ਹੋਏ ਹਨ ਅਤੇ ਪਿੰਡ ਦੇ ਬੱਚਿਆਂ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਮਦਦ ਕੀਤੀ ਜਾਂਦੀ ਹੈ। ਭਾਵੇਂ ਪੰਚਾਇਤ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਪਰ ਪਿੰਡ ਵਿੱਚੋਂ ਉੱਠ ਕੇ ਸਰਕਾਰੀ ਨੌਕਰੀਆਂ ’ਤੇ ਪਹੁੰਚੇ ਨੌਜਵਾਨਾਂ ਵੱਲੋਂ ਆਪਣੇ ਤੌਰ ’ਤੇ ਸਾਂਝੇਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਂਦਾ ਹੈ।
ਵੱਡੀ ਪੱਧਰ ’ਤੇ ਇਕ ਮੁਹਿੰਮ ਸ਼ੁਰੂ ਕੀਤੀ: ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਸਿੱਖਿਆ ਪ੍ਰਾਪਤ ਕਰ ਸਰਕਾਰੀ ਅਧਿਆਪਕ ਲੱਗੇ ਕੁਲਜੀਤ ਸਿੰਘ ਵੱਲੋਂ ਪਿੰਡ ਡੰਗਰ ਖੇੜਾ ਵਿੱਚ ਵੱਡੀ ਪੱਧਰ ’ਤੇ ਇਕ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਹਰ ਘਰ ਨੂੰ ਸਿੱਖਿਅਤ ਕਰਨ ਲਈ ਆਪਣੇ ਪੱਧਰ ’ਤੇ ਇਕ ਮੁਹਿੰਮ ਛੇੜੀ ਗਈ ਅਤੇ ਉਸ ਵੱਲੋਂ ਗ਼ਰੀਬ ਬੱਚਿਆਂ ਨੂੰ ਵੀ ਮੁਫ਼ਤ ਕੋਚਿੰਗ ਦੇ ਕੇ ਸਿੱਖਿਅਤ ਕੀਤਾ ਗਿਆ ਕੁਲਜੀਤ ਵੱਲੋਂ ਸਮੇਂ ਸਮੇਂ ਸਿਰ ਕੀਤੇ ਗਏ ਉਪਰਾਲਿਆਂ ਦੇ ਚਲਦੇ ਅੱਜ ਉਸ ਦੇ ਪਿੰਡ ਵਿਚੋਂ 200 ਤੋਂ ਜਿਆਦਾ ਸਰਕਾਰੀ ਅਧਿਆਪਕ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਲਿਸਟ ਵਿੱਚੋਂ ਇਕੱਲੇ ਡੰਗਰ ਖੇੜਾ ਨਾਲ ਸਬੰਧਤ 31 ਅਧਿਆਪਕਾਂ ਦੀ ਚੋਣ ਹੋਈ ਹੈ ਜਿਨ੍ਹਾਂ ਵਿੱਚੋਂ 23 ਸਿਰਫ਼ ਲੜਕੀਆਂ ਹਨ।
ਵਿਦਿਆਰਥੀ ਨੂੰ ਸਿੱਖਿਅਤ ਕੀਤਾ ਜਾਂਦਾ: ਕੁਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਪਿੰਡ ਡੰਗਰ ਖੇੜਾ ਦੇ ਹਰੇਕ ਵਿਦਿਆਰਥੀ ਨੂੰ ਸਿੱਖਿਅਤ ਕਰਨ ਲਈ ਆਪਣੇ ਪੱਧਰ ’ਤੇ ਉਪਰਾਲੇ ਕਰ ਰਹੇ ਹਨ। ਹੌਲੀ-ਹੌਲੀ ਇਸ ਮੁਹਿੰਮ ਵਿਚ ਨਵੇਂ ਭਰਤੀ ਹੋਏ ਅਧਿਆਪਕਾਂ ਵੱਲੋਂ ਆਪਣਾ ਆਪਣਾ ਯੋਗਦਾਨ ਦਿੱਤਾ ਜਾਂਦਾ ਰਿਹਾ, ਜਿਸ ਕਾਰਨ ਅੱਜ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਪਿੰਡ ਇੱਕ ਵੱਖਰਾ ਮੁਕਾਮ ਰੱਖਦਾ ਹੈ।
ਪਿੰਡ ਦੇ ਨੌਜਵਾਨ ਕਰ ਰਹੇ ਤਰੱਕੀ: ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ ਨਹੀਂ ਹੈ। ਪਿੰਡ ਦਾ ਇੱਕੋ ਇੱਕ ਸਰਕਾਰੀ ਸਕੂਲ ਅੱਜ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣਿਆ ਹੈ,ਜੇਕਰ ਕਿਸੇ ਵਿਦਿਆਰਥੀ ਨੂੰ ਆਰਥਿਕ ਤੌਰ ’ਤੇ ਮਦਦ ਦੀ ਲੋੜ ਹੁੰਦੀ ਹੈ ਤਾਂ ਸਾਡੇ ਅਧਿਆਪਕਾਂ ਵੱਲੋਂ ਉਸ ਵਿਦਿਆਰਥੀ ਦੀ ਆਰਥਿਕ ਤੌਰ ’ਤੇ ਸਿੱਖਿਆ ਖੇਤਰ ਵਿੱਚ ਮਦਦ ਕੀਤੀ ਜਾਂਦੀ ਹੈ ਤਾਂ ਜੋ ਉਸ ਦੀ ਪੜ੍ਹਾਈ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੇ ਪਿੰਡ ਦਾ ਨਾਂ ਪਿੰਡ ਡੰਗਰ ਖੇੜਾ ਹੈ, ਪਰ ਅੱਜ ਉਨ੍ਹਾਂ ਨੂੰ ਲੋਕ ਅਧਿਆਪਕਾਂ ਦੇ ਪਿੰਡ ਵਜੋਂ ਜਾਣਦੇ ਹਨ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਤੋਂ ਇਲਾਵਾ ਉਨ੍ਹਾਂ ਦੇ ਪਿੰਡ ਦੇ ਕਰੀਬ ਢਾਈ ਸੌ ਤੋਂ ਉੱਪਰ ਮੁਲਾਜ਼ਮ ਕੇਂਦਰ ਅਤੇ ਸੂਬੇ ਦੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਤੋਂ ਸਿੱਖਿਆ ਲੈਣ ਵਾਲੇ ਵਿਦਿਆਰਥੀ ਅੱਜ ਇਕ ਵੱਖਰੇ ਮੁਕਾਮ ਤੇ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਹਨ।
'ਸਾਨੂੰ ਆਪਣੇ ਪਿੰਡ ’ਤੇ ਮਾਣ': ਕਿਸੇ ਸਮੇਂ ਪਿੰਡ ਦਾ ਨਾਂ ਲੈਣ ਤੋਂ ਝਿਜਕਣ ਵਾਲੇ ਵਿਦਿਆਰਥੀ ਅੱਜ ਜਦੋਂ ਅਧਿਆਪਕ ਬਣ ਗਏ ਹਨ ਤਾਂ ਫ਼ਖ਼ਰ ਨਾਲ ਦੱਸਦੇ ਹਨ ਕਿ ਉਨ੍ਹਾਂ ਦਾ ਪਿੰਡ ਡੰਗਰ ਖੇੜਾ ਹੈ ਪੰਜਾਬ ਸਰਕਾਰ ਦੀ ਨਵੀਂ ਭਰਤੀ ਵਿੱਚ ਚੁਣੇ ਹੋਏ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਪਿੰਡ ਡੰਗਰ ਖੇੜਾ ਦੇ ਰਹਿਣ ਵਾਲੇ ਹਨ ਜੋ ਕਿ ਅੱਜ ਅਧਿਆਪਕਾਂ ਦੇ ਪਿੰਡ ਵਜੋਂ ਮਸ਼ਹੂਰ ਹੈ ਕਿਉਂਕਿ ਇੱਥੇ ਦੇ ਅਧਿਆਪਕਾਂ ਦੀ ਸਿੱਖਿਆ ਪ੍ਰਤੀ ਸਮਰਪਣ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਤਰੱਕੀ ਲਈ ਜਿਸ ਤਰ੍ਹਾਂ ਦਾ ਵੀ ਬਣਦਾ ਯੋਗਦਾਨ ਹੋਵੇਗਾ ਉਹ ਆਪਣੇ ਪੱਧਰ ’ਤੇ ਪਾਉਣਗੇ ਅਤੇ ਪਿੰਡ ਦੇ ਹਰ ਵਿਦਿਆਰਥੀ ਨੂੰ ਸਿੱਖਿਅਤ ਕਰ ਕੇ ਦੇਸ਼ ਵਿਦੇਸ਼ ਤੱਕ ਪਿੰਡ ਡੰਗਰ ਖੇੜਾ ਦਾ ਨਾਂ ਰੌਸ਼ਨ ਕਰਨਗੇ।
ਇਹ ਵੀ ਪੜੋ: AAP ਦੀ ਵਿਧਾਇਕਾ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ’ਤੇ ਪਰਚਾ ਦਰਜ, ਜਾਣੋ ਮਾਮਲਾ