ਬਠਿੰਡਾ: ਮਾਲਵਾ ਪੱਟੀ ਦੇ ਬਠਿੰਡਾ ਸਣੇ ਮਾਨਸਾ, ਫਾਜ਼ਿਲਕਾ, ਮੁਕਤਸਰ ਆਦਿ ਜ਼ਿਲ੍ਹੇ ਨਰਮੇ ਦੀ ਖੇਤੀ ਲਈ ਕਾਟਨ ਬੈਲਟ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਦਿਨੀਂ ਪੰਜਾਬ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਮਾਹਰ,ਕਿਸਾਨਾਂ ਦੀ ਮਦਦ ਕਰ ਰਹੇ ਹਨ। ਮਾਹਰ, ਕਿਸਾਨਾਂ ਦੀ ਨਰਮੇ ਦੀ ਫਸਲ ਦੀ ਚੈਕਿੰਗ ਕਰਕੇ ਉਨ੍ਹਾਂ ਨੂੰ ਲੋੜੀਂਦਾ ਮਦਦ ਕਰ ਰਹੇ ਹਨ।
ਇਸੇ ਕੜੀ 'ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਬਠਿੰਡਾ ਵਿਖੇ ਪੁੱਜੇ। ਇਥੇ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਕਈ ਮਾਹਰਾਂ ਅਤੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਡਾ. ਸੁਤੰਤਰ ਕੁਮਾਰ ਐਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਬਠਿੰਡਾ ਸਣੇ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਕਿਸਾਨਾਂ ਦੀ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਸਦਕਾ ਇਸ ਵਾਰ ਮਾਲਵਾ ਪੱਟੀ 'ਚ ਨਰਮੇ ਦੀ ਫਸਲ ਬਹੁਤ ਵਧੀਆ ਹੋਈ ਹੈ। ਇਸ ਵਾਰ ਨਰਮੇ ਦੀ ਫਸਲ ਉੱਤੇ ਚਿੱਟੀ ਮੱਖੀ ਦੇ ਹਮਲੇ ਦਾ ਕੋਈ ਕੇਸ ਨਹੀਂ ਹੈ। ਡਾ. ਐਰੀ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਕਿਸਾਨਾਂ ਨੂੰ ਫਸਲ ਦਾ ਵੱਧ ਝਾੜ ਮਿਲੇਗਾ। ਕਿਸਾਨ ਇਸ ਵਾਰ ਵਧੀਆ ਮੁਨਾਫਾ ਕਮਾ ਸਕਣਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਫਸਲ ਦੇ ਬਚਾਅ ਲਈ ਕੀਟਨਾਸ਼ਕਾਂ ਦੀ ਵੱਧ ਵਰਤੋਂ ਤੋਂ ਬੱਚਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ,ਜੇਕਰ ਕਿਸੇ ਕਿਸਾਨ ਨੂੰ ਨਰਮੇ ਦੀ ਫਸਲ ਸਬੰਧੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਖੇਤੀਬਾੜੀ ਮਾਹਰਾਂ ਨਾਲ ਸੰਪਰਕ ਕਰਨ। ਜੇਕਰ ਕਿਸੇ ਕਾਰਨ ਫਸਲ ਉੱਤੇ ਕੀਟਨਾਸ਼ਕ ਦੇ ਛਿੜਕਾਅ ਦੀ ਲੋੜ ਪੈਂਦੀ ਹੈ ਤਾਂ ਇੱਕੋ ਸਪਰੇਅ ਦੀ ਬਜਾਏ, ਬਦਲ-ਬਦਲ ਕੇ ਸਪਰੇਅ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕੋਰੋਨਾ ਵਾਇਰਸ ਕਾਰਨ ਕਿਸਾਨ ਮੇਲੇ ਨਹੀਂ ਕਰਵਾਏ ਜਾ ਸਕੇ। ਉਨ੍ਹਾਂ ਕਿਸਾਨਾਂ ਵੱਲੋਂ ਨਰਮੇ ਦੀ ਪੈਦਾਵਾਰ ਲਈ ਦਿਲਚਸਪੀ ਅਤੇ ਖੇਤੀ ਮਾਹਰਾਂ ਦੀ ਸਲਾਹ ਮੰਨਣ ਉੱਤੇ ਖੁਸ਼ੀ ਪ੍ਰਗਟਾਈ ਹੈ।