ਅੰਮ੍ਰਿਤਸਰ: ਸੋਸ਼ਲ ਮੀਡੀਆ ਦਾ ਕ੍ਰੇਜ਼ ਅੱਜ ਦੇ ਸਮੇਂ ਚ ਨੌਜਵਾਨਾਂ ਦੇ ਸਿਰ ’ਤੇ ਚੜ੍ਹ ਕੇ ਬੋਲ ਰਿਹਾ ਹੈ। ਟ੍ਰੈਡਿੰਗ ਚ ਆਉਣ ਦੇ ਲਈ ਨੌਜਵਾਨ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ਜਿਸ ਕਾਰਨ ਕਈ ਵਾਰ ਉਹ ਆਪਣੀ ਜਾਨ ਨੂੰ ਜੋਖਿਮ ਚ ਪਾ ਬੈਠਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਵੀਡੀਓ ਬਣਾਉਂਦੇ ਹੋਏ ਇੱਕ ਨੌਜਵਾਨ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਇੱਕ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣ ਲਈ ਪਿਸਤੌਲ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਪਰ ਅਚਾਨਕ ਹੀ ਪਿਸਤੌਲ ਤੋਂ ਗੋਲੀ ਚੱਲਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਵਿੱਚੋ ਇੱਕ ਨੌਜਵਾਨ ਦੇ ਪਿਤਾ ਸਾਬਕਾ ਫੌਜੀ ਹਨ ਜਿਨ੍ਹਾਂ ਦੀ ਦੁਨਾਲੀ ਦੇ ਨਾਲ ਨੌਜਵਾਨਾਂ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਨੂੰ ਨੌਜਵਾਨ ਫੋਟੋਆਂ ਖਿਚਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ ਅਤੇ ਫੋਟੋਆਂ ਖਿੱਚਦੇ ਖਿੱਚਦੇ ਇਹ ਘਟਨਾ ਵਾਪਰੀ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਮੁੰਡੇ ਨੂੰ ਕਿਸੇ ਪਲਾਨ ਤਹਿਤ ਮਾਰਿਆ ਗਿਆ ਹੈ। ਫਿਲਹਾਲ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
ਇਹ ਵੀ ਪੜੋ: ਪੈਸੇ ਨਾ ਮਿਲਣ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ
ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਨੌਜਵਾਨ ਦੇ 4 ਦੋਸਤਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਜਿਸਦੇ ਚੱਲਦੇ ਉਨ੍ਹਾਂ ਨੇ 4 ਨੌਜਵਾਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕੀਤਾ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ 4 ਨੌਜਵਾਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।