ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਇੱਕ ਗੈਸਟ ਹਾਊਸ 'ਚ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ। ਲਾਸ਼ ਬਰਾਮਦ ਹੋਣ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਹੈ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਗੈਸਟ ਹਾਊਸ ਦੇ ਮਾਲਿਕਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਮਹਿਲਾ ਇੱਕ ਨੌਜਵਾਨ ਨਾਲ ਉਨ੍ਹਾਂ ਦੇ ਗੈਸਟ ਹਾਊਸ 'ਚ ਠਹਿਰੀ ਸੀ। ਮ੍ਰਿਤਕ ਮਹਿਲਾ ਦੀ ਪਛਾਣ ਮੀਨੂ ਵਜੋਂ ਹੋਈ ਹੈ ਜੋ ਕਿ ਸੁਲਤਾਨ ਵਿੰਡ ਦੀ ਵਸੀਨਕ ਸੀ। ਜਦੋਂ ਸਵੇਰੇ ਚੈਕ ਆਊਟ ਦੇ ਸਮੇਂ ਮਹਿਲਾ ਤੇ ਉਸ ਦਾ ਸਾਥੀ ਕਮਰੇ ਚੋਂ ਬਾਹਰ ਨਹੀਂ ਆਏ ਤਾਂ ਗੈਸਟ ਹਾਊਸ ਵਿੱਚ ਕੰਮ ਕਰਨ ਵਾਲੇ ਲੜਕੇ ਨੇ ਕਮਰੇ 'ਚ ਜਾ ਕੇ ਵੇਖਿਆ ਤਾਂ ਮਹਿਲਾ ਉਥੇ ਮ੍ਰਿਤ ਪਈ ਸੀ। ਮਹਿਲਾ ਦੇ ਨਾਲ ਆਇਆ ਨੌਜਵਾਨ ਮੌਕੇ ਤੋਂ ਫਰਾਰ ਸੀ। ਗੈਸਟ ਹਾਊਸ ਮਾਲਿਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਹੋਰ ਪੜ੍ਹੋ :ਦੋਸ਼ੀਆਂ ਦੀ ਫਾਂਸੀ ਟਲਣ 'ਤੇ ਨਿਰਭਯਾ ਦੀ ਮਾਂ ਦਾ ਬਿਆਨ, ਕਿਹਾ- ਸਾਡਾ ਸਿਸਟਮ ਅਪਰਾਧੀਆਂ ਦੀ ਮਦਦ ਕਰਦੈ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਮੀਨੂ ਇੱਕ ਆਰਕੈਸਟਰਾ ਗਰੁਪ ਨਾਲ ਕੰਮ ਕਰਦੀ ਸੀ, ਬੀਤੀ ਰਾਤ ਇੱਕ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਉਹ ਆਪਣੇ ਸਾਥੀ ਮਨਜੀਤ ਸਿੰਘ ਨਾਲ ਉਕਤ ਗੈਸਟ ਹਾਊਸ 'ਚ ਠਹਿਰੀ ਸੀ। ਉਥੇ ਉਸ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ। ਉਸ ਦੀ ਤਬੀਅਤ ਖ਼ਰਾਬ ਹੋਣ 'ਤੇ ਉਸ ਦਾ ਸਾਥੀ ਉਸ ਨੂੰ ਛੱਡ ਕੇ ਫਰਾਰ ਹੋ ਗਿਆ। ਸਹੀ ਸਮੇਂ 'ਤੇ ਇਲਾਜ ਨਾ ਮਿਲ ਸਕਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗੈਸਟ ਹਾਊਸ ਮਾਲਕਾਂ ਵੱਲੋਂ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਹਿਲਾ ਦੇ ਨੌਜਵਾਨ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।