ਅੰਮ੍ਰਿਤਸਰ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਮਹਿਲਾਵਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਪੰਜਾਬ ਸਰਕਾਰ ਵੰਲੋਂ ਬਜਟ 2021 'ਚ ਐਲਾਨ ਕਰਦਿਆਂ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਮਹਿਲਾਵਾਂ ਲਈ ਸਫ਼ਰ ਦਾ ਕਿਰਾੲਆ ਮੁਫ਼ਤ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਅੰਮ੍ਰਿਤਸਰ ਦੀਆਂ ਵਸਨੀਕ ਮਹਿਲਾਵਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮਹਿਲਾਵਾਂ ਨੇ ਕਿਹਾ ਕਿ ਬੇਸ਼ਕ ਪੰਜਾਬ ਸਰਕਾਰ ਮਹਿਲਾਵਾਂ ਲਈ ਕਈ ਨਵੀਆਂ ਸਕੀਮਾਂ ਲੈ ਕੇ ਆਈ ਹੈ। ਮਹਿਲਾਵਾਂ ਲਈ ਸਰਕਾਰੀ ਬੱਸਾਂ ਦੇ ਕਿਰਾਏ ਮੁਫ਼ਤ ਕੀਤੇ ਗਏ ਹਨ, ਪਰ ਮਹਿਲਾਵਾਂ ਇਨ੍ਹਾਂ ਦਾ ਲਾਭ ਉਦੋਂ ਹੀ ਲੈ ਸਕਣਗੀਆਂ ਜਦੋਂ ਵੱਧ ਤੋਂ ਵੱਧ ਸਰਕਾਰੀ ਬੱਸਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੱਸਾਂ 'ਚ ਸਫਰ ਦੌਰਾਨ ਸੁਰੱਖਿਅਤ ਮਹਿਸੂਸ ਨਾ ਕਰਨ ਦੇ ਚਲਦੇ ਮਹਿਲਾਵਾਂ ਆਵਾਜਾਈ ਲਈ ਆਪਣੇ ਸਾਧਨ ਦੀ ਵਰਤੋਂ ਨੂੰ ਪਹਿਲ ਦਿੰਦਿਆਂ ਹਨ। ਇਸ ਲਈ ਸਰਕਾਰ ਨੂੰ ਬੱਸਾਂ 'ਚ ਮਹਿਲਾਵਾਂ ਦੀ ਸੁਰੱਖਿਆ ਸਬੰਧੀ ਨੂੰ ਸੁਨਿਸ਼ਚਤ ਕਰਨਾ ਚਾਹੀਦਾ ਹੈ।
ਮਹਿਲਾਵਾਂ ਨੇ ਸੂਬਾ ਸਰਕਾਰ ਨੂੰ ਮਹਿਲਾਵਾਂ ਲਈ ਲਿਆਂਦੀ ਸਕੀਮਾਂ ਲਈ ਧੰਨਵਾਦ ਦਿੱਤਾ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੂੰ ਮਹਿਲਾਵਾਂ ਦੇ ਸਸ਼ਕਤੀਕਰਨ ਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੀਆਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਸੂਬੇ ਅੰਦਰ ਹੀ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਵਿਦੇਸ਼ ਜਾਂ ਹੋਰਨਾਂ ਸੂਬਿਆਂ ਵਿੱਚ ਨਾ ਜਾ ਕੇ ਪੰਜਾਬ ਵਿੱਚ ਹੀ ਕਮਾ ਸਕਣ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਜਟ 2021 ਦੌਰਾਨ ਮਹਿਲਾਵਾਂ ਲਈ ਵੀ ਕਈ ਵੱਡੇ ਐਲਾਨ ਕੀਤੇ ਹਨ। ਪੰਜਾਬ ਸਰਕਾਰ ਵਲੋਂ ਬਜਟ 'ਚ ਐਲਾਨ ਕਰਦਿਆਂ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਮਹਿਲਾਵਾਂ ਲਈ ਸਫ਼ਰ ਦਾ ਕਿਰਾੲਆ ਮੁਫ਼ਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਜਾ ਰਹੇ ਬਜਟ 'ਚ ਸ਼ਗਨ ਸਕੀਮ 'ਚ ਵੀ ਵਾਧਾ ਕੀਤਾ ਗਿਆ ਹੈ।