ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਦਾ ਮਾਮਲਾ ਲਗਾਤਾਰ ਗਰਮ ਹੁੰਦਾ ਨਜ਼ਰ ਆ ਰਿਹਾ ਹੈ। ਇਸ ਗੰਭੀਰ ਮਾਮਲੇ ਬਾਰੇ ਜਿੱਥੇ ਕਈ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੱਖਰੇ ਤੌਰ 'ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ,ਜਿਸ ਵਿੱਚ ਲੋਕਾਂ ਤੋਂ ਇਨਸਾਫ਼ ਲਈ ਵੇਰਵੇ ਮੰਗੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਈਮਾਨ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨੂੰ ਲੈ ਕੇ ਪੰਜਾਬ ਵਿੱਚ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਇਕੱਲੇ ਪਿੰਡ ਲੌਂਗੋਵਾਲ (ਜ਼ਿਲ੍ਹਾ ਸੰਗਰੂਰ) ਤੋਂ 50 ਹਜ਼ਾਰ ਵਿਅਕਤੀਆਂ ਤੋਂ ਦਸਤਖ਼ਤ ਕਰਵਾਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ 328 ਸਰੂਪ ਕਿੱਥੇ ਗਏ? ਜੇਕਰ ਜਵਾਬ ਨਹੀਂ ਮਿਲਿਆ ਤਾਂ ਲੋਕਾਂ ਦੀ ਰਾਏ ਲੈਣ ਤੋਂ ਬਾਅਦ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ, ਜਿਸ ਵਿੱਚ ਸਾਰੀਆਂ ਹੀ ਸਬੰਧਤ ਦੋਸ਼ੀ ਧਿਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।
ਈਮਾਨ ਸਿੰਘ ਮਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਦੀ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਤਿੱਨ ਸੌ ਸਾਲਾ ਮਨਾਉਣ ਦੀਆਂ ਗੱਲਾਂ ਕਰਦੀ ਹੈ ਪਰ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾਧੀ ਸੀ ਕਿ ਇਨਸਾਫ਼ ਦੇਣਗੇ ਪਰ ਅਜੇ ਤਕ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ ।
ਈਮਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਸਾਰੇ ਧਰਮਾਂ ਦੇ 4-5 ਕਰੋੜ ਲੋਕਾਂ ਨੂੰ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸਵਾਸ਼ ਰੱਖਦੇ ਹਨ, ਇਸ ਦਸਤਖ਼ਤ ਮੁਹਿੰਮ ਵਿੱਚ ਆਪਣੇ ਵੇਰਵੇ ਭਰ ਕੇ ਦੇਣੇ ਚਾਹੀਦੇ ਹਨ ਤਾਂ ਜੋ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੱਨ ਸੌ ਅਠਾਈ ਸਰੂਪਾਂ ਦੇ ਮਾਮਲੇ ਵਿਚ ਨਿਆਂ ਮਿਲ ਸਕੇ।