ਅੰਮ੍ਰਿਤਸਰ: ਲੌਕਡਾਊਨ ਦੇ ਚਲਦਿਆਂ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਅਜਿਹੇ 'ਚ ਐਤਵਾਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਸੰਗਤ ਦੀ ਧਾਰਮਿਕ ਭਾਵਨਾਵਾਂ ਦੇ ਅੱਗੇ ਅਸਮਰਥ ਨਜ਼ਰ ਆ ਰਿਹਾ ਹੈ।
ਦੱਸ ਦਈਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਗੇਟ 'ਤੇ ਜਿਥੇ ਸੰਗਤਾ ਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਸਰਕਾਰ ਨੇ ਸ਼ਰਾਬ ਦੇ ਠੇਕੇ ਤਾਂ ਖੋਲ੍ਹ ਦਿੱਤੇ ਪਰ ਗੁਰੂ ਘਰ ਦੇ ਬੂਹੇ ਨਹੀਂ ਖੋਲ੍ਹੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਆਸਥਾ ਦਾ ਧਿਆਨ ਰੱਖਦੇ ਹੋਏ ਗੁਰੂ ਘਰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਸਵੇਰ ਤੋਂ ਹੀ ਸੰਗਤਾਂ ਭਾਰੀ ਗਿਣਤੀ ਵਿੱਚ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚਣ ਰਹੀਆਂ ਹਨ। ਜਿਨ੍ਹਾਂ ਦੀ ਆਮਦ ਅਤੇ ਧਾਰਮਿਕ ਭਾਵਨਾਵਾਂ ਦੇ ਚਲਦਿਆਂ ਅਸੀਂ ਸੰਗਤਾ ਨੂੰ ਰੋਕ ਨਹੀ ਪਾ ਰਹੇ। ਦੱਸਣਯੋਗ ਹੈ ਕਿ ਪ੍ਰਸ਼ਾਸ਼ਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਨੂੰ ਸਮੇਂ ਸਮੇਂ 'ਤੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਲੌਕਡਾਊਨ ਦੇ ਚਲਦਿਆਂ ਸੀਮਿਤ ਮਾਤਰਾ ਵਿੱਚ ਹੀ ਨਤਮਸਤਕ ਹੋਣ ਲਈ ਪਹੁੰਚਣ। ਇਸ ਨਾਲ ਹੀ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸ਼ਰਧਾਲੂ ਸਮਾਜਕ ਦੂਰੀ ਦਾ ਵੀ ਧਿਆਨ ਰੱਖਣ।