ਅੰਮ੍ਰਿਤਸਰ: ਸ਼ਹਿਰ ਦੇ ਮਸ਼ਹੂਰ ਅਲਫ਼ਾ ਵਨ ਮਾਲ ਦੇ ਅੰਦਰ ਬਣੇ ਰੈਸਟੋਰੈਂਟ 'ਚ ਚੋਰੀ ਦੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਦੇ ਅਲਫ਼ਾ ਮਾਲ ਦੇ ਅੰਦਰ ਇੰਨੀ ਸੁਰੱਖਿਆ ਹੋਣ ਤੋਂ ਬਾਅਦ ਵੀ ਚੋਰਾਂ ਨੇ ਰੈਸਟੋਰੈਂਟ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਜਾਣਕਾਰੀ ਦਿੰਦੇ ਹੋਏ ਰੈਸਟੋਰੈਂਟ ਦੇ ਮਾਲਕ ਬਿਕਰਮ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫ਼ੋਨ 'ਤੇ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਰੈਸਟੋਰੈਂਟ ਦਾ ਤਾਲਾ ਟੱਟਿਆ ਹੋਇਆ ਹੈ, ਜਦੋਂ ਉਨ੍ਹਾਂ ਆ ਕੇ ਵੇਖਿਆ ਤਾਂ ਗੱਲੇ ਵਿਚੋਂ 23,000 ਰੁਪਏ ਗਾਇਬ ਸਨ। ਬਿਕਰਮ ਜੀਤ ਸਿੰਘ ਨੇ ਦੱਸਿਆ ਕਿ ਉਹ ਬੀਤੇ 9 ਸਾਲ ਤੋਂ ਰੈਸਟੋਰੈਂਟ ਚਲਾ ਰਹੇ ਹਨ ਤੇ ਇਹ ਪਹਿਲੀ ਵਾਰ ਹੈ ਜਦੋਂ ਚੋਰਾਂ ਨੇ ਰੈਸਟੋਰੈਂਟ 'ਚ ਚੋਰੀ ਕੀਤੀ ਹੋਵੇ।
ਬਿਕਰਮ ਜੀਤ ਸਿੰਘ ਨੇ ਦੱਸਿਆ ਕਿ ਜਦੋਂ ਚੋਰਾਂ ਦਾ ਪਤਾ ਲਾਉਣ ਲਈ ਉਹ ਮਾਲ ਦੇ ਸੀਸੀਟੀਵੀ ਕੈਮਰਾ ਵੇਖਣ ਲੱਗੇ ਤਾਂ ਮਾਲ ਵਾਲਿਆਂ ਨੇ ਤਕਨੀਕੀ ਖ਼ਰਾਬੀ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ ਤੋਂ ਆਪਣਾ ਪਲਾ ਝਾੜ ਦਿੱਤਾ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹ ਚੋਰਾਂ ਦੀ ਭਾਲ ਕਰ ਰਹੇ ਹਨ ਤੇ ਉਨ੍ਹਾਂ ਰੈਸਟੋਰੈਂਟ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰੈਸਟੋਰੈਂਟ ਤੋਂ 23,000 ਰੁਪਏ ਦੀ ਚੋਰੀ ਹੋਈ ਹੈ, ਚੋਰਾਂ ਨੇ ਪਹਿਲਾਂ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਨੂੰ ਕੱਟਿਆ ਤੇ ਬਾਅਦ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।