ਅੰਮ੍ਰਿਤਸਰ: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਪਟਨਾ ਸਾਹਿਬ ਮਨਾਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਥਾਨਕ ਹਵਾਈ ਅੱਡੇ 'ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ।
ਠਾਠਾ ਮਾਰਦਾ ਇੱਕਠ ਵੇਖਣ ਨੂੰ ਬਣਦਾ ਸੀ
ਪਟਨਾ ਸਾਹਿਬ ਦੇ ਦਰਸ਼ਨ ਤੋਂ ਗੱਦ ਗੱਦ ਹੋਏ ਜੱਥੇਦਾਰ ਨੇ ਦੱਸਿਆ ਕਿ ਸ਼ਤਾਬਦੀ ਦੇ ਮੌਕੇ 'ਤੇ ਲੱਖਾਂ ਦੀ ਗਿਣਤੀ ਦੇ 'ਚ ਸ਼ਰਧਾਲੂ ਪਟਨਾ ਸਾਹਿਬ ਦੀ ਧਰਤੀ 'ਤੇ ਨਤਮਸਤਕ ਹੋਣ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਉੱਥੇ ਦਾ ਠਾਠਾ ਮਾਰਦਾ ਇੱਕਠ ਵੇਖਣ ਨੂੰ ਬਣਦਾ ਸੀ।
ਬੇਅਦਬੀ ਦਾ ਮੁੱਦਾ, ਇੱਕ ਚਿੰਤਾ ਦਾ ਵਿਸ਼ਾ
ਪੰਜਾਬ 'ਚ ਵੱਧ ਰਹੇ ਬੇਅਦਬੀ ਦੇ ਮੁੱਦੇ 'ਤੇ ਜਥੇਦਾਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਸ 'ਤੇ ਜਲਦ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ 'ਤੇ ਜਲਦ ਕਾਰਵਾਈ ਕਰਨੀ ਚਾਹੀਦੀ ਹੈ।
ਕਿਸਾਨਾਂ ਨੂੰ ਨਹੀਂ ਕਰਨੀ ਚਾਹੀਦੀ ਖੁਦਕੁਸ਼ੀ
ਆਪਣੀ ਹੱਕੀ ਮੰਗਾਂ ਲਈ ਦਿੱਲੀ ਦੀਆਂ ਬਰੂਹਾਂ 'ਤੇ ਡੱਟੇ ਕਿਸਾਨਾਂ ਦੀ ਖੁਦਕੁਸ਼ੀ 'ਤੇ ਉਨ੍ਹਾਂ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਖੁਦਕੁਸ਼ੀ ਨਹੀਂ ਕਰਨੀ ਚਾਹੀਦੀ ਹੈ। ਜਮਹੂਰੀਅਤ ਵਾਲੇ ਦੇਸ਼ 'ਚ ਹੋਣ ਦੇ ਨਾਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਜਿੱਤ ਲਈ ਅਰਦਾਸ ਕਰਦੇ ਹਨ।