ਬਠਿੰਡਾ: ਸ਼ਹਿਰ ਵਿੱਚ ਧਰਤੀ ਹੇਠ ਦੱਬਿਆ ਕਈ ਟਨ ਆਟਾ ਮਿਲਣ ਦਾ ਮਾਮਲਾ ਸਿਆਸੀ ਰੰਗਤ ਲੈ ਚੁੱਕਿਆ ਹੈ। ਨਗਰ ਨਿਗਮ ਵੱਲੋਂ ਕਈ ਟਨ ਆਟਾ ਸ਼ਹਿਰ ਦੇ ਜੌਗਰ ਪਾਰਲ ਵਿੱਚ ਸ਼ਰਤੀ ਹੇਠ ਦੱਬਿਆ ਗਿਆ ਸੀ। ਮੀਡੀਆ ਵੱਲੋਂ ਇਸ ਨੂੰ ਉਜਾਗਰ ਕੀਤੇ ਜਾਣ ਤੋਂ ਬਾਅਦ ਹੁਣ ਇਹ ਮਾਮਲਾ ਤੂਲ ਫੜ੍ਹ ਚੁੱਕਿਆ ਹੈ। ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਅਤੇ ਕਾਂਗਰਸ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਸ ਅੰਨ ਦੀ ਬੇਕਦਰੀ ਦੇ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਨਗਰ ਨਿਗਮ ਅਤੇ ਅਧਿਕਾਰੀ ਫਿਰ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਾਹ ਕਿ ਕਾਂਗਰਸ ਪਾਰਟੀ ਆਪਣੇ ਚਹੇਤਿਆਂ ਨੂੰ ਰਾਸ਼ਨ ਵੰਡ ਰਹੀ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਵਾਜ਼ ਵੀ ਚੁੱਕੀ ਸੀ ਕਿ ਕਾਂਗਰਸ ਪਾਰਟੀ ਆਟਾ ਵੰਡਣ ਵਿੱਚ ਵਿਤਕਰਾ ਨਾ ਕਰਨ।
ਉਨ੍ਹਾਂ ਨੇ ਕਿਹਾ 'ਆਪ' ਵੱਲੋਂ ਉਸ ਸਮੇਂ ਲਗਾਏ ਜਾ ਰਹੇ ਇਲਜ਼ਾਮ ਅੱਜ ਸੱਚ ਸਾਬਤ ਹੋ ਗਏ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਇਹ ਸਾਰੇ ਮਾਮਲੇ ਦੀ ਜਾਂਚ ਸਮਾਂਬੰਦ ਤਰੀਕੇ ਨਾਲ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ।