ਅੰਮ੍ਰਿਤਸਰ: ਅੱਜ ਨਵਾਂ ਸਾਲ 2021 ਚੜ੍ਹ ਗਿਆ ਹੈ ਤੇ ਪੁਰਾਣਾ ਸਾਲ 2020 ਖੱਟੀਆਂ-ਮਿੱਠੀਆਂ ਯਾਦਾਂ ਲੈ ਕੇ ਚਲਾ ਗਿਆ। ਨਵੇਂ ਸਾਲ ਦੀ ਆਮਦ ਮੌਕੇ ਸੰਗਤਾਂ ਵੱਖ-ਵੱਖ ਥਾਵਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ।
ਚਾਹੇ ਪੰਜਾਬ 'ਚ ਇਸ ਜਨਵਰੀ ਦੇ ਮਹੀਨੇ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਪੈਂਦੀ ਹੈ ਪਰ ਸੰਗਤਾਂ ਦੀ ਸ਼ਰਧਾ ਅੱਗੇ ਇਹ ਸਭ ਚੀਜ਼ਾਂ ਬੌਣੀਆਂ ਹੋ ਗਈਆਂ। ਸੰਗਤਾਂ ਵੱਲੋਂ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ,ਉੱਥੇ ਪ੍ਰਸ਼ਾਦਾ ਛਕਿਆ ਤੇ ਇਸ਼ਨਾਨ ਕਰ ਕੇ ਆਪਣਾ ਜੀਵਨ ਸਫ਼ਲਾ ਕੀਤਾ। ਸੰਘਣੀ ਧੁੰਦ ਕਰ ਕੇ ਦਰਬਾਰ ਸਾਹਿਬ ਦੀ ਤਸਵੀਰ ਵੀ ਸਾਫ਼ ਦਿਖਾਈ ਨਹੀਂ ਦੇ ਰਹੀ ਸੀ
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਵਿਸ਼ਵ ਵਿੱਚ ਇੱਕ ਵਿਲੱਖਣ ਸਥਾਨ ਰੱਖਦਾ ਹੈ ਜਿੱਥੇ ਹਰ ਸਾਲ ਦੇ ਪਹਿਲੇ ਦਿਨ ਸੰਗਤਾਂ ਹਾਜ਼ਰੀ ਲਗਵਾਉਣ ਲਈ ਪਹੁੰਚਦੀਆਂ ਹਨ।