ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਲੱਖਾਂ ਹੀ ਦਾਅਵੇ ਵਾਅਦੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਅੱਜ ਵੀ ਲੋਕ ਇਲਾਜ ਦੇ ਲਈ ਤੜਫ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਜ਼ਿਲ੍ਹੇ ਦੇ ਹਸਪਤਾਲ ਗੁਰੂ ਨਾਨਕ ਦੇਵ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਰੀਜ਼ ਬੀਮਾਰੀ ਨਾਲ ਪੀੜਤ ਹੈ ਪਰ ਹਸਪਤਾਲ ਵਿੱਚ ਉਸਦੀ ਕਿਸੇ ਨੇ ਵੀ ਸਾਰ ਨਹੀਂ ਲਈ।
ਦੱਸ ਦਈਏ ਕਿ ਮਰੀਜ਼ ਪਿਛਲੇ 15 ਦਿਨਾਂ ਤੋਂ ਇਹ ਹਸਪਤਾਲ ਦੇ ਬਰਾਮਦੇ ਵਿੱਚ ਲੇਟਿਆ ਹੋਇਆ ਸੀ ਪਰ ਕਿਸੇ ਨੇ ਵੀ ਇਸ ਵੱਲ ਬਿਲਕੁੱਲ ਧਿਆਨ ਨਹੀਂ ਦਿੱਤਾ। ਇਸ ਦੌਰਾਨ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਲੋਕ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਸੀ ਤਾਂ ਬਦਬੂ ਆਉਣ ਆਉਣ ਕਾਰਨ ਦੂਰ ਭੱਜ ਰਹੇ ਸੀ।
ਹਸਪਤਾਲ ਵਿਚ ਆਏ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਉਹ ਹਸਪਤਾਲ ਵਿੱਚ ਆ ਰਹੇ ਸੀ ਤਾਂ ਇਹ ਮਰੀਜ਼ ਇਸੇ ਤਰ੍ਹਾਂ ਹੀ ਬਰਾਮਦੇ ਵਿਚ ਲੇਟਿਆ ਪਿਆ ਹੈ ਅਤੇ ਬੀਮਾਰੀ ਨਾਲ ਮਰ ਰਿਹਾ ਹੈ, ਪਰ ਹਸਪਤਾਲ ਪ੍ਰਸ਼ਾਸਨ ਇਸਦੇ ਕੋਲੋਂ ਲੰਘਦਾ ਪਿਆ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉੱਥੇ ਹੀ ਉਹਨਾਂ ਕਿਹਾ ਕਿ ਹਸਪਤਾਲ ਵਿਚ ਜੋ ਲੋਕ ਇਲਾਜ ਕਰਵਾਉਣ ਲਈ ਆ ਰਹੇ ਹਨ ਕੋਈ ਇਸ ਗ਼ਰੀਬ ਨੂੰ ਪਾਣੀ ਪਿਆ ਜਾਂਦਾ ਹੈ ਕੋਈ ਇਸ ਨੂੰ ਰੋਟੀ ਖਵਾ ਜਾਂਦਾ ਹੈ। ਇਹ ਸਾਰਾ ਦਿਨ ਇਸ ਤਰ੍ਹਾਂ ਹੀ ਉੱਥੇ ਲੇਟਿਆ ਪਿਆ ਹੈ ਅਤੇ ਅੱਜ ਜਦੋਂ ਮੀਡੀਆ ਵਾਲੇ ਇੱਥੇ ਪਹੁੰਚੇ ਤਾਂ ਉਸ ਸਮੇਂ ਹਸਪਤਾਲ ਪ੍ਰਸ਼ਾਸਨ ਵੀ ਜਾਗ ਪਿਆ ਅਤੇ ਹਫੜਾ ਦਫੜੀ ਚ ਇਸ ਨੂੰ ਇਲਾਜ ਲਈ ਚੁੱਕ ਕੇ ਲੈ ਗਏ।
ਉੱਥੇ ਹੀ ਹਸਪਤਾਲ ਦੇ ਵਿਚ ਆਯੂਸ਼ਮਾਨ ਕਾਰਡ ਬਣਾਉਣ ਵਾਲੇ ਕਰਮਚਾਰੀ ਦਾ ਕਹਿਣਾ ਸੀ ਕਿ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਹਸਪਤਾਲ ਪ੍ਰਬੰਧਕਾਂ ਨੂੰ ਇਸ ਦੇ ਬਾਰੇ ਸ਼ਿਕਾਇਤ ਕੀਤੀ ਕਿ ਇਕ ਮਰੀਜ਼ ਜੋ ਕਿ ਬਰਾਮਦੇ ਚ ਲੇਟਿਆ ਪਿਆ ਹੈ ਤੇ ਬੀਮਾਰੀ ਨਾਲ ਮਰ ਰਿਹਾ ਹੈ। ਇਸ ਨੂੰ ਉਥੋਂ ਚੁੱਕਿਆ ਜਾਵੇ, ਕਿਉਂਕਿ ਕਾਫ਼ੀ ਬਦਬੂ ਇਸ ਨਾਲ ਫੈਲ ਰਹੀ ਹੈ। ਮੀਡੀਆ ਦੇ ਇੱਥੇ ਆਉਣ ਤੋਂ ਬਾਅਦ ਇਸ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਇਲਾਜ ਲਈ ਦਾਖਲ ਕਰ ਲਿਆ ਗਿਆ ਹੈ।
ਉੱਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੇਡੀ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪਿਛਲੇ ਦੋ ਸਾਲਾਂ ਤੋਂ ਇੱਥੇ ਆ ਰਿਹਾ ਹੈ ਇਸ ਨੂੰ ਕਈ ਵਾਰ ਹਸਪਤਾਲ ਚੋਂ ਬਾਹਰ ਕੱਢਿਆ ਗਿਆ ਹੈ ਪਰ ਫਿਰ ਇੱਥੇ ਲੇਟ ਜਾਂਦਾ ਹੈ ਇਸ ਦੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।
ਇਹ ਵੀ ਪੜੋ: ਅਟਾਰੀ ਬਾਰਡਰ ਨੇੜੇ 6 ਪੈਕੇਟ ਹੈਰੋਇਨ ਬਰਾਮਦ