ਅੰਮ੍ਰਿਤਸਰ: ਟੋਕਿਓ ਓਲੰਪਿਕ 'ਚ 41 ਸਾਲਾਂ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਕਾਂਸੇ ਦਾ ਤਮਗਾ ਜਿੱਤਿਆ ਹੈ। ਓਲੰਪਿਕ ਤੋਂ ਬਾਅਦ ਖਿਡਾਰੀ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸ ਦੇ ਚਲਦੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਆਪਣੇ ਘਰ ਪੁੱਜੇ ਹਾਕੀ ਖਿਡਾਰੀ ਗੁਰਜੰਟ ਸਿੰਘ ਆਪਣੇ ਘਰ ਪੁੱਜੇ।
ਅੰਮ੍ਰਿਤਸਰ ਪੁੱਜਣ 'ਤੇ ਸ਼ਹਿਰ ਵਾਸੀਆਂ ਨੇ ਅਤੇ ਪਰਿਵਾਰਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਪਹਿਲੇ ਖਿਡਾਰੀਆਂ ਨੂੰ ਓਪਨ ਜੀਪ ਵਿੱਚ ਬਿਠਾ ਕੇ ਸ਼ਹਿਰ ਦਾ ਚੱਕਰ ਲਵਾਇਆ ਗਿਆ ਅਤੇ ਇਸ ਦੌਰਾਨ ਉਨ੍ਹਾਂ ਦਾ ਸੁਆਗਤ ਹੋਇਆ। ਇਸ ਦੌਰਾਨ ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਘਰ ਵਿਆਹ ਵਾਲਾ ਮਾਹੌਲ ਨਜ਼ਰ ਆਇਆ। ਜਿਵੇਂ ਹੀ ਗੁਰਜੰਟ ਆਪਣੇ ਘਰ ਪੁੱਜੇ ਤਾਂ ਉਨ੍ਹਾਂ ਦਾ ਧੂਮ ਧਾਮ ਨਾਲ ਢੋਲ ਤੇ ਬਾਜਿਆਂ ਨਾਲ ਸਵਾਗਤ ਕੀਤਾ ਗਿਆ। ਪਰਿਵਾਰ ਵੱਲੋਂ ਕੇਕ ਕੱਟ ਕੇ ਭਾਰਤੀ ਹਾਕੀ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਗੁਰਜੰਟ ਨੇ ਆਪਣੀ ਮਾਂ ਨੂੰ ਜਿੱਤਿਆ ਹੋਇਆ ਮੈਡਲ ਪਹਿਨਾਇਆ ਤਾਂ ਉਨ੍ਹਾਂ ਦੀ ਮਾਂ ਬੇਹਦ ਭਾਵੂਕ ਨਜ਼ਰ ਆਈ।
ਪਰਿਵਾਰਕ ਮੈਂਬਰਾਂ ਨੇ ਕਿਹਾ ਉਹ ਬੇਹਦ ਖੁਸ਼ ਹਨ ਕਿ ਉਨ੍ਹਾਂ ਦੇ ਪੁੱਤਰ ਦਾ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਭਾਰਤੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਲੰਬੇ ਅਰਸੇ ਤੋਂ ਬਾਅਦ ਭਾਰਤੀ ਟੀਮ ਵੱਲੋਂ ਓਲੰਪਿਕ ਵਿੱਚ ਤਮਗਾ ਜਿੱਤਣਾ ਬੇਹਦ ਖੁਸ਼ੀ ਤੇ ਮਾਣ ਦੀ ਗੱਲ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਿਡਾਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਓਲੰਪਿਕ ਵਿੱਚ ਦੇਸ਼ ਦੇ ਲਈ ਖੇਡਣਾ ਉਨ੍ਹਾਂ ਲਈ ਬੇਹਦ ਮਾਣ ਦੀ ਗੱਲ ਹੈ। ਭਾਰਤੀ ਹਾਕੀ ਟੀਮ ਦੀ ਜਿੱਤ ਦਾ ਸਿਹਰਾ ਸਾਰੀ ਟੀਮ ਨੂੰ ਜਾਂਦਾ ਹੈ ਤੇ ਇਹ ਟੀਮ ਦੀ ਅਣਥਕ ਮਿਹਨਤ ਦਾ ਨਤੀਜਾ ਹੈ। ਗੁਰਜੰਟ ਸਿੰਘ ਨੇ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਅਗਲੀ ਵਾਰ ਸੋਨ ਤਮਗਾ ਜਿੱਤਣਗੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਧੰਨਵਾਦ ਦਿੱਤਾ।
ਇਹ ਵੀ ਪੜ੍ਹੋ : ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮਿਲੀ ਵੱਡੀ ਰਾਹਤ