ਅੰਮ੍ਰਿਤਸਰ : ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ ਪੰਜਾਬ ਸਣੇ ਹੋਰਨਾਂ ਸੂਬਿਆਂ 'ਚ ਆਕਸੀਜਨ, ਕੋਰੋਨਾ ਵੈਕਸੀਨ, ਵੈਂਟੀਲੇਟਰ ਤੇ ਬੈਡ ਆਦਿ ਦੀ ਕਮੀ ਦੇ ਚਲਦੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਇੱਕ ਪਾਸੇ ਰਾਜਧਾਨੀ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪੋਸਟਰ ਲਗਾਏ ਗਏ ਲਨ। ਹੁਣ ਅਜਿਹਾ ਹੀ ਮਾਮਲਾ ਅੰਮ੍ਰਿਤਸਰ 'ਚ ਵੀ ਸਾਹਮਣੇ ਆਇਆ ਹੈ। ਇਥੇ ਐਨਐਸਯੂਆਈ ਦੇ ਵਰਕਰਾਂ ਨੇ ਸ਼ਹਿਰ ਭਰ 'ਚ ਪੀਐਮ ਮੋਦੀ ਖਿਲਾਫ ਪੋਸਟਰ ਲਾ ਕੇ ਕੋਰੋਨਾ ਦੇ ਮਾੜੇ ਹਲਾਤਾਂ ਦਾ ਵਿਰੋਧ ਕੀਤਾ ਹੈ।
ਅੰਮ੍ਰਿਤਸਰ ਸ਼ਹਿਰ 'ਚ ਕਈ ਥਾਵਾਂ ਉੱਤੇ ਪੀਐਮ ਮੋਦੀ ਖਿਲਾਫ ਪੋਸਟਰ ਲੱਗੇ ਨਜ਼ਰ ਆਏ, ਇਨ੍ਹਾਂ ਪੋਸਟਰਾਂ 'ਤੇ " ਮੋਦੀ ਜੀ ਸਾਡੀ ਵੈਕਸੀਨ ਵਿਦੇਸ਼ ਕਿਉਂ ਭੇਜ ਦਿੱਤੀ " ਦੇ ਸਲੋਗਨ ਲਿਖੇ ਗਏ ਹਨ।
ਦੇਸ਼ ਦੇ ਮਾੜੇ ਹਲਾਤਾਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ
ਇਸ ਸਬੰਧੀ ਜਦੋਂ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐਨਐਸਯੂਆਈ) ਦੇ ਵਰਕਰਾਂ ਨਾਲ ਗੱਲਬਾਤ ਕੀਤੀ ਗਈ। ਪੋਸਟਰ ਲਾਉਣ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਐਨਐਸਯੂਆਈ ਦੇ ਪੰਜਾਬ ਪ੍ਰਧਾਨ ਅਕਸ਼ੈ ਵਰਮਾ ਨੇ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਦੇ ਖਰਾਬ ਹਲਾਤਾਂ ਲਈ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਦੱਸਿਆ। ਅਕਸ਼ੈ ਨੇ ਕਿਹਾ ਕਿ ਜਦੋਂ ਦੇਸ਼ ਦੀ ਜਨਤਾ ਕੋਰੋਨਾ ਦੀ ਮਾਰ ਝੱਲ ਰਹੀ ਸੀ ਉਦੋਂ ਭਾਰਤ ਸਰਕਾਰ ਵੱਲੋਂ ਹੋਰਨਾਂ ਦੇਸ਼ਾਂ ਨੂੰ ਵੱਡੀ ਮਾਤਰਾ 'ਚ ਕੋਵੀਸ਼ੀਲਡ ਦੀ ਖੇਪ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਆਪਣੇ ਦੇਸ਼ਾਂ ਦੀ ਜਨਤਾਂ ਨੂੰ ਕੋਰੋਨਾ ਵੈਕਸੀਨ ਮੁਹੱਈਆ ਕਰਵਾਉਣ ਤੋਂ ਬਾਅਦ ਹੋਰਨਾਂ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਭੇਜਦੇ ਤਾਂ ਚੰਗਾ ਹੁੰਦਾ। ਉਨ੍ਹਾਂ ਆਖਿਆ ਕਿ ਬਜਾਏ ਹੋਰਨਾਂ ਦੇਸ਼ਾਂ ਤੋਂ ਵਾਹ-ਵਾਹੀ ਲੁੱਟਣ ਦੀ ਬਜਾਏ ਕੇਂਦਰ ਸਰਕਾਰ ਨੂੰ ਆਪਣੇ ਦੇਸ਼ ਵਾਸੀਆਂ ਤੇ ਦੇਸ਼ ਦੇ ਨੌਜਵਾਨਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਸੀ। ਮੌਜੂਦਾ ਸਮੇਂ 'ਚ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੇ ਇਲਾਜ ਅਤੇ ਮ੍ਰਿਤਕਾਂ ਦੇ ਅੰਤਮ ਸਸਕਾਰ ਲਈ ਕਈ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ।
ਜਨਤਾ ਦੇ ਸਵਾਲਾਂ ਦਾ ਜਵਾਬ ਦੇਣ ਪੀਐਮ ਮੋਦੀ
ਐਨਐਸਯੂਆਈ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰ ਵਾਲਾ ਦੇਸ਼ ਹੈ। ਜਨਤਾ ਦੀ ਵੋਟ ਨਾਲ ਸੱਤਾ ਵਿੱਚ ਆਈ ਕੇਂਦਰ ਸਰਕਾਰ ਨੂੰ ਜਨਤਾ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਭਾਰਤ ਨੂੰ ਵੈਕਸੀਨ ਦੀ ਸਭ ਤੋਂ ਵੱਧ ਲੋੜ ਸੀ ਅਜਿਹੇ ਸਮੇਂ 'ਚ ਵੈਕਸੀਨ ਨਿਰਯਾਤ ਕਰਨਾ ਸਹੀ ਨਹੀਂ ਹੈ। ਇਸ ਸਬੰਧੀ ਪੀਐਮ ਮੋਦੀ ਨੂੰ ਜਨਤਾ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਆਖਿਆ ਕਿ ਇਹ ਪੋਸਟਰ ਲਾ ਕੇ ਉਨ੍ਹਾਂ ਨੂੰ ਜਨਤਾ ਨਾਲ ਕੀਤੇ ਵਾਅਦੇ ਯਾਦ ਕਰਵਾਏ ਜਾ ਰਹੇ ਹਨ। ਉਨ੍ਹਾਂ ਮੋਦੀ ਸਰਕਾਰ ਦੇ ਬੁਲਾਰੀਆਂ ਉੱਤੇ ਝੂਠ ਬੋਲਣ ਦੇ ਦੋਸ਼ ਲਾਏ। ਅਕਸ਼ੈ ਸ਼ਰਮਾ ਦੇ ਮੁਤਾਬਕ ਕੇਂਦਰ ਸਰਕਾਰ ਨੇ 25 ਤੋਂ 45 ਸਾਲਾਂ ਤੱਕ ਦੇ ਨੌਜਵਾਨਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਠੋਸ ਕਦਮ ਨਹੀਂ ਚੁੱਕੇ, ਇਸ ਲਈ ਸ਼ਹਿਰ ਭਰ ਵਿੱਚ ਪੋਸਟਰ ਲਗਾ ਕੇ ਪੀਐਮ ਮੋਦੀ ਜਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਮੋਦੀ ਸਰਕਾਰ ਉੱਤੇ ਮਹਿਜ਼ ਭਾਜਪਾ ਸ਼ਾਸਤ ਸੂਬਿਆਂ ਨੂੰ ਮਦਦ ਪਹੁੰਚਾਉਣ ਤੇ ਗੈਰ ਭਾਜਪਾ ਸ਼ਾਸਤ ਸੂਬਿਆਂ ਨਾਲ ਕੋਰੋਨਾ ਵੈਕਸੀਨ,ਆਕਸੀਜਨ ਆਦਿ ਲਈ ਵਿਤਕਰਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜਦੋਂ ਕੋਈ ਕੇਂਦਰ ਸਰਕਾਰ ਦੀ ਗ਼ਲਤ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸ ਖਿਲਾਫ ਝੂਠੇ ਕੇਸ ਦਰਜ ਕਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋਂ : ਸੱਚ ਬੋਲਣ ਵਾਲਾ ਹਰ ਸ਼ਖਸ ਦੁਸ਼ਮਣ ਬਣ ਜਾਂਦਾ ਹੈ: ਸਿੱਧੂ