ਅੰਮ੍ਰਿਤਸਰ: ਦੇਸ਼ ’ਚ ਇੱਕ ਵਾਰ ਮੁੜ ਤੋਂ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ ਜਿਸ ਕਾਰਨ ਹਰ ਸੂਬੇ ਵੱਲੋਂ ਸਖਤਾਈ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ਦੇ ਲੋਕਾਂ ਨੂੰ ਡਰ ਸਤਾ ਰਿਹਾ ਸੀ ਕਿ ਕਿਤੇ ਮੁੜ ਪੰਜਾਬ ’ਚ ਲਾਕਡਾਊਨ ਹੀ ਨਾ ਲਗਾ ਦਿੱਤਾ ਜਾਵੇ। ਪਰ ਇਸ ਦੀ ਪੁਸ਼ਟੀ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਹੈ ਕਿ ਪੰਜਾਬ ’ਚ ਲਾਕਡਾਊਨ ਨਹੀਂ ਲੱਗੇਗਾ। ਉਥੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਲੋਕ ਕੋਰੋਨਾ ਦੀ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ ਉਹਨਾਂ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨ ਦੀ ਪਾਲਣਾ ਕਰਨੀ ਪਵੇਗੀ ਤਾਂ ਜੋ ਕੋਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕੇ।
ਇਹ ਵੀ ਪੜੋ: ਕੋਰੋਨਾ ਦਾ ਕਹਿਰ: ਪੰਜਾਬ 'ਚ ਨਵੇਂ ਦਿਸ਼ਾ-ਨਿਰਦੇਸ਼, ਸਿਆਸੀ ਰੈਲੀਆਂ 'ਤੇ ਵੀ ਪਾਬੰਦੀ
ਉਥੇ ਹੀ ਕੇਂਦਰ ਸਿਹਤ ਮੰਤਰੀ ਹਰਸ਼ਵਧਨ ਦੇ ਬਿਆਨ ਦੀ ਨਿਖੇਧੀ ਕਰਦੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਜੇਕਰ ਦਿੱਲੀ ਸਰਹੱਦਾਂ ’ਤੇ ਬੈਠੇ ਹਨ ਤਾਂ ਉਸ ਲਈ ਵੀ ਕੇਂਦਰ ਸਰਕਾਰ ਹੀ ਜ਼ਿੰਮੇਵਾਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਕਰ ਦਵੇ ਤਾਂ ਪੰਜਾਬ ਦੇ ਕਿਸਾਨ ਆਪਣੇ ਘਰਾਂ ਨੂੰ ਪਰਤ ਜਾਣਗੇ।
ਅਕਾਲੀ ਦਲ ਵੱਲੋਂ ਕੋਰੋਨਾ ਕਾਲ ਦੌਰਾਨ ਰੈਲੀਆਂ ਕਰਨ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ’ਚ ਕੋਈ ਵੀ ਸਿਆਸੀ ਰੈਲੀ ਨਹੀਂ ਕਰੇਗਾ ਜੇਕਰ ਕੋਈ ਕਰੇਗਾ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।