ਅੰਮ੍ਰਿਤਸਰ : ਦੇਰ ਰਾਤ ਸ਼ਹਿਰ 'ਚ ਤੇਜ਼ ਹਨੇਰੀ ਤੇ ਮੀਂਹ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇਥੇ ਘਰ ਦੀ ਛੱਤ ਡਿੱਗਣ ਨਾਲ ਇੱਕ ਨਵੇਂ ਵਿਆਹੇ ਜੋੜੇ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਢਪਈ ਇਲਾਕੇ ਦੇ ਲੋਹਾਰਾ ਗਲੀ ਵਿੱਚ ਵਾਪਰੀ।
ਦੇਰ ਰਾਤ ਤੇਜ਼ ਹਨੇਰੀ ਤੇ ਮੀਂਹ ਇੱਕ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ। ਤੇਜ਼ ਮੀਂਹ ਪੈਣ ਕਾਰਨ ਛੱਤ ਡਿੱਗਣ ਨਾਲ ਇੱਕ ਨਵੇਂ ਵਿਆਹੇ ਜੋੜੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸਿੰਘ ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਵਜੋਂ ਹੋਈ ਹੈ।
ਲੋਕਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਦੋਹੇਂ ਪਤੀ ਪਤਨੀ ਸੁੱਤੇ ਪਏ ਸਨ, ਤੇਜ਼ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਗਈ ਤੇ ਦੋਵੇਂ ਪਤੀ-ਪਤਨੀ ਮਲਬੇ ਹੇਠ ਦੱਬ ਗਏ। ਸਥਾਨਕ ਲੋਕਾਂ ਨੇ ਦੋਹਾਂ ਨੂੰ ਮਲਬੇ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਜਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਸਥਾਨਕ ਲੋਕਾਂ ਦੇ ਮੁਤਾਬਕ ਦੋਹਾਂ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਮ੍ਰਿਤਕਾਂ ਦੇ ਪਰਿਵਾਰ ਤੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਦੋਹਾਂ ਮ੍ਰਿਤਕਾਂ ਦੀ ਮੌਤ ਛੱਤ ਦੇ ਮਲਬੇ ਹੇਠ ਦੱਬ ਜਾਣ ਕਾਰਨ ਹੋਣ ਦੀ ਗੱਲ ਆਖੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।