ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਨਾਲ ਨਤਮਸਤਕ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕੀ ਰਾਮ ਤੀਰਥ ਸਥਾਨ ਦੇ ਦਰਸ਼ਨ ਵੀ ਕੀਤੇ। ਇਸ ਦੌਰਾਨ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਰਹੀ। ਦੱਸ ਦਈਏ ਕਿ ਅੰਮ੍ਰਿਤਸਰ ਪਹੁੰਚੇ ਰਾਜਾ ਵੜਿੰਗ ਨੇ ਕਈ ਵਿਧਾਇਕਾਂ ਦੇ ਨਾਲ ਮੁਲਾਕਾਤ ਵੀ ਕੀਤੀ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਜਰੀਵਾਲ ਪੰਜਾਬ 'ਚ ਪੂਰੀ ਤਰ੍ਹਾਂ ਦਖਲਅੰਦਾਜ਼ੀ ਕਰ ਰਹੇ ਹਨ। ਉਹ ਬਿਊਰੋ ਕ੍ਰੇਸੀ ਦੀ ਮੀਟਿੰਗ ਕਰਦੇ ਹਨ, ਜਿਸ 'ਚ ਕੋਈ ਮੁੱਖ ਮੰਤਰੀ ਨਹੀਂ ਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਹੀ ਸਾਰੇ 200 ਯੂਨਿਟ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਹਨ ਪਰ ਆਪ ਨੇ ਕਿਹਾ ਕਿ ਉਹ 300 ਯੂਨਿਟ ਬਿਜਲੀ ਮੁਆਫ ਕਰੇਗੀ ਅਤੇ ਜਦੋਂ ਇਹ ਯੂਨਿਟ 301 ਹੋ ਗਈ ਤਾਂ ਸਭ ਦਾ ਚਾਰਜ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ 300 ਯੂਨਿਟ ਬਿਜਲੀ ਮੁਆਫ਼ ਕਰ ਦਿੱਤੀ ਜਾਵੇ, ਪਰ ਅਜਿਹਾ ਨਾ ਹੋਵੇ ਕਿ ਆਪ ਵੱਲੋਂ ਲੋਕਾਂ ’ਤੇ ਹੋਰ ਵਾਧੂ ਭਾਰ ਨਾ ਪਾ ਦਿੱਤਾ ਜਾਵੇ।
ਸੁਖਬੀਰ ਬਾਦਲ ਵੱਲੋਂ ਲਗਾਏ ਗਏ ਭਗਵੰਤ ਮਾਨ ਦੇ ਇਲਜ਼ਾਮਾਂ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਉਨ੍ਹਾਂ ਦੀ ਨਿੱਜੀ ਜਿੰਦਗੀ ਤੇ ਕੁਮੈਂਟ ਨਹੀਂ ਕਰਨਾ ਚਾਹੁੰਦੇ ਹਨ ਬਾਕੀ ਲੋਕ ਸਭ ਕੁਝ ਜਾਣਦੇ ਹਨ। ਇਸ ਦੌਰਾਨ ਰਾਜਾ ਵੜਿੰਗ ਨੇ 16 ਅਪ੍ਰੈਲ ਨੂੰ ਮਾਨ ਸਰਕਾਰ ਦੇ ਵੱਡੇ ਐਲਾਨ ’ਤੇ ਕਿਹਾ ਕਿ ਉਹ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਕਰ ਸਕਦੇ ਹਨ ਪਰ ਕਾਂਗਰਸ ਵੱਲੋਂ ਪਹਿਲਾਂ ਹੀ 200 ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ ਪਰ ਜੇਕਰ 301 ਯੂਨਿਟ ਹੋ ਜਾਂਦੀ ਹੈ ਤਾਂ ਲੋਕਾਂ ਤੋਂ ਸਾਰਾ ਬਿੱਲ ਲਿਆ ਜਾਵੇਗਾ ਜੋ ਕਿ ਸਹੀ ਨਹੀਂ ਹੈ ਕਿ ਪੰਜਾਬ ਦੇ ਹਿੱਤ ਦੇ ਫੈਸਲੇ ਸੋਚ ਸਮਝ ਕੇ ਲਏ ਜਾਣ।
ਸ਼ਹੀਦ ਭਗਤ ਸਿੰਘ ਬਾਰੇ ਭਗਵੰਤ ਮਾਨ ਦੀ ਸੋਚ 'ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੀਲੀ ਪੱਗ ਬੰਨ੍ਹਣ ਨਾਲ ਭਗਤ ਸਿੰਘ ਨਹੀਂ ਬਣ ਜਾਂਦਾ ਅਤੇ ਨਾ ਹੀ ਉਸ ਦੀ ਜਨਮ ਭੂਮੀ 'ਤੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਨਾਲ ਭਗਤ ਸਿੰਘ ਬਣਨ ਦੀ ਸੋਚ ਤੇ ਚੱਲਣਾ ਜ਼ਰੂਰੀ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਗਤ ਸਿੰਘ ਦੇ ਜਨਮ ਦਿਨ 'ਤੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ, ਜਦਕਿ ਜੇਕਰ ਭਗਤ ਸਿੰਘ ਹੁੰਦਾ ਤਾਂ ਉਨ੍ਹਾਂ ਨੇ ਉਸ ਦਿਨ ਛੁੱਟੀ ਨਾ ਕਰਨ ਦੀ ਗੱਲ ਕਹਿਣੀ ਸੀ, ਉਨ੍ਹਾਂ ਕਹਿਣਾ ਸੀ ਅੱਜ 2 ਘੰਟੇ ਵੱਧ ਕੰਮ ਕਰੋ। ਅਜਿਹੀਆਂ ਗੱਲਾਂ ਉਸ ਦੀ ਕ੍ਰਾਂਤੀਕਾਰੀ ਸੋਚ ਨੂੰ ਪ੍ਰਗਟ ਕਰਦੀਆਂ ਹਨ।
ਉੱਥੇ ਹੀ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ, ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਅੰਮ੍ਰਿਤਸਰ ਵਿਖੇ ਆਏ ਹਨ। ਪੰਜਾਬ ਕਾਂਗਰਸ ਚ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਜੋ ਵੀ ਗਲਤੀਆਂ ਪਹਿਲਾਂ ਹੋਈਆਂ ਹਨ ਉਨ੍ਹਾਂ ਨੂੰ ਸੁਧਾਰਿਆ ਜਾਵੇਗਾ।
ਇਹ ਵੀ ਪੜੋ: ਹਾੜ੍ਹੀ ਦੇ ਸੀਜ਼ਨ ਚ ਪਹਿਲੀ ਬਰਸਾਤ ਕਾਰਨ ਮੁਰਝਾਏ ਕਿਸਾਨਾਂ ਦੇ ਚਿਹਰੇ, ਫਸਲ ਦਾ ਹੋਇਆ ਨੁਕਸਾਨ