ਅੰਮ੍ਰਿਤਸਰ: ਪੁਲਿਸ ਅਧਿਕਾਰੀਆਂ ਵੱਲੋਂ ਪਿਤਾ ਸਾਹਮਣੇ ਜ਼ਲੀਲ ਕਰਨ ਤੋਂ ਦੁਖੀ ਹੋ ਕੇ ਪ੍ਰਵਾਸੀ ਭਾਈਚਾਰੇ ਦੇ ਇੱਕ 17 ਵਰ੍ਹਿਆਂ ਦੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਰੋਸ ਵਿੱਚ ਆਏ ਪ੍ਰਵਾਸੀ ਭਾਈਚਾਰੇ ਨੇ ਥਾਣੇ ਸਾਹਮਣੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮੁਲਜ਼ਮ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਵਿੱਚ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤ ਗਿਆ ਹੈ।
ਪ੍ਰਦਰਸ਼ਨ ਦੌਰਾਨ ਮ੍ਰਿਤਕ ਦੇ ਸਾਕ-ਸਬੰਧੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਿਸੇ ਕੰਮ ਤੋਂ ਆ ਰਿਹਾ ਸੀ ਕਿ ਰਾਹ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੇ ਉਸ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਹੀ ਇੱਕ ਪੁਲਿਸ ਮੁਲਾਜ਼ਮ ਨੇ ਉਸ ਦੇ ਮੋਟਰ ਸਾਈਕਲ ਦੀ ਡਿੱਗੀ ਵਿੱਚ ਕੁਝ ਇਤਰਾਜ਼ਯੋਗ ਵਸਤੂ ਪਾ ਦਿੱਤੇ। ਇਸ ਵਸਤੂ ਨੂੰ ਬਹਾਨਾ ਬਣ ਕੇ ਹੀ ਪੁਲਿਸ ਮੁਲਾਜ਼ਮਾਂ ਨੇ ਮ੍ਰਿਤਕ ਨੂੰ ਜ਼ਲੀਲ ਕੀਤਾ।ਵ ਇੰਨਾ ਹੀ ਨਹੀਂ ਮ੍ਰਿਤਕ ਦੇ ਪਿਤਾ ਨੂੰ ਵੀ ਥਾਣੇ ਬੁਲਾ ਕੇ ਉਸ ਦੇ ਸਾਹਮਣੇ ਵੀ ਉਸ ਨੂੰ ਜ਼ਲੀਲ ਕੀਤਾ ਗਿਆ। ਇਸ ਜ਼ਲਾਲਤ ਨੂੰ ਨਾ ਸਹਾਰਦੇ ਹੋਏ ਨੌਜਵਾਨ ਕਈ ਦਿਨਾਂ ਤੋਂ ਤੰਗ ਪ੍ਰੇਸ਼ਾਨ ਰਹਿ ਰਿਹਾ ਸੀ।
ਅਖ਼ੀਰ ਉਸ ਨੇ 15 ਜੂਨ ਨੂੰ ਉਸ ਵੇਲੇ ਘਰ ਵਿੱਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਜਦੋਂ ਉਸ ਦਾ ਪਿਤਾ ਆਪਣੇ ਕੰਮ 'ਤੇ ਸੀ ਅਤੇ ਮਾਤਾ ਘਰ ਦਾ ਸਮਾਨ ਲੈਣ ਲਈ ਗਈ ਹੋਈ ਸੀ। ਮ੍ਰਿਤਕ ਦੇ ਸਬੰਧੀਆਂ ਨੇ ਮੰਗ ਕੀਤੀ ਕਿ ਮੁਲਜ਼ਮ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਸਬੰਧੀ ਏਡੀਸੀਪੀ ਐੱਚ.ਐੱਸ. ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਕੁਤਾਹੀ ਸਾਹਮਣੇ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਬਰਖ਼ਾਸਤ ਕਰਨ ਲਈ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।