ਅੰਮ੍ਰਿਤਸਰ: ਗਰੈਂਡ ਹੋਟਲ ਨੇੜੇ ਪੁੱਟੇ ਗਏ ਟੋਏ ਕਾਰਨ ਕਈ ਘਰਾਂ ਦੇ ਡਿੱਗਣ ਅਤੇ ਹੋਰ ਹੋਏ ਨੁਕਸਾਨ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ। ਨਾਜਾਇਜ਼ ਉਸਾਰੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਇੱਕ ਸਾਜਿਸ਼ ਹੈ ਜਿਸ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਵੀ ਮਿਲੇ ਹੋਏ ਹਨ। ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਗਰੈਂਡ ਹੋਟਲ ਜਿੱਥੇ ਕਿ ਕਾਫ਼ੀ ਮਹੀਨਿਆਂ ਤੋਂ 60 ਫੁੱਟ ਡੂੰਘਾ ਟੋਆ ਹੋਟਲ ਮਾਲਕਾਂ ਵੱਲੋਂ ਪੁੱਟਿਆ ਗਿਆ ਸੀ, ਜਿਸ ਦੇ ਕਾਰਨ ਆਲੇ ਦੁਆਲੇ ਦੇ ਰਿਹਾਇਸ਼ੀ ਇਲਾਕੇ ਵਿੱਚ ਕਾਫੀ ਮਾੜਾ ਅਸਰ ਪਿਆ ਸੀ। 12 ਮਈ ਨੂੰ ਇਸ ਟੋਏ ਦੇ ਕਾਰਨ ਆਲੇ ਦੁਆਲੇ ਦੇ ਰਿਹਾਇਸ਼ੀ ਇਲਾਕੇ ਦੇ ਕਈ ਮਕਾਨ ਡਿੱਗ ਪਏ ਅਤੇ ਕਈਆਂ ਘਰਾਂ ਦੇ ਵਿੱਚ ਵੱਡੀਆਂ ਅਤੇ ਮੋਟੀਆਂ ਦਰਾਰਾਂ ਪੈ ਗਈਆਂ।
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਇਹ ਬਿਲਡਿੰਗ ਡਿੱਗੀ ਸੀ ਤਾਂ ਉਦੋਂ ਹੀ ਨਗਰ ਨਿਗਮ ਜਾਂ ਫਿਰ ਡਿਜ਼ਾਸਟਰ ਮੈਨੇਜਮੈਂਟ ਦੇ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ। ਉਨ੍ਹਾਂ ਨੇ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਘਟਨਾ ਸਥਲ ਤੇ ਪਹੁੰਚੇ ਤਾਂ ਉੱਥੇ ਖੜ੍ਹੀ ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਨਗਰ ਨਿਗਮ ਦੇ ਕਈ ਅਧਿਕਾਰੀਆਂ ਨੂੰ ਉਹ ਕਹਿ ਚੁੱਕੇ ਹਨ ਪਰ ਹੁਣ ਤੱਕ ਨਗਰ ਨਿਗਮ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੌਕੇ ਤੇ ਨਹੀਂ ਪਹੁੰਚਿਆ ਹੈ।
ਉਨ੍ਹਾਂ ਇਲਾਕਾ ਨਿਵਾਸੀਆਂ ਦੇ ਪੱਖ ਦੀ ਗੱਲ ਕਰਦੇ ਹੋਏ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਇਸ ਸਾਰੇ ਮਸਲੇ ਨੂੰ ਅਦਾਲਤ ਵਿੱਚ ਲੈ ਕੇ ਜਾਣ ਦੀ ਗੱਲ ਕਹੀ ਗਈ ਹੈ ਪਰ ਅਦਾਲਤ ਵਿੱਚ ਜਾਣ ਦੇ ਨਾਲ ਇਲਾਕਾ ਨਿਵਾਸੀਆਂ ਦਾ ਕੇਸ ਜ਼ਿਆਦਾ ਚਿਰ ਵਿੱਚ ਲਮਕ ਸਕਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਹ ਸਲਾਹ ਦਿੱਤੀ ਹੈ ਕਿ ਇਸ ਨੂੰ ਪ੍ਰਸ਼ਾਸਨਿਕ ਤੌਰ 'ਤੇ ਹੱਲ ਕੀਤਾ ਜਾਵੇਗਾ ਅਤੇ ਇਹ ਲੜਾਈ ਇਲਾਕਾ ਨਿਵਾਸੀਆਂ ਦੀ ਨਹੀਂ ਬਲਕਿ ਉਨ੍ਹਾਂ ਦੀ ਆਪਣੀ ਹੈ।
ਇਹ ਵੀ ਪੜ੍ਹੋ: ਕਿਸਾਨੀ ਧਰਨੇ ’ਤੇ CM ਮਾਨ ਦੀ ਸਖ਼ਤ ਟਿੱਪਣੀ, 'ਹਰ ਗੱਲ ਦਾ ਮਤਲਬ ਮੁਰਦਾਬਾਦ ਨਹੀਂ ਹੁੰਦਾ'