ਅੰਮ੍ਰਿਤਸਰ: ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ (ਆਈਪੀਐਸ) ਵਲੋਂ ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਪੁਲਿਸ ਥਾਣਿਆਂ ਅਤੇ ਪੁਲਿਸ ਚੌਂਕੀਆਂ ਦੇ ਅਫਸਰਾਂ ਵਿੱਚ ਫੇਰਬਦਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਐਸ.ਐਸ.ਪੀ ਧਰੁਵ ਦਹੀਆ ਵਲੋਂ ਇੱਕ ਪੱਤਰ ਜਾਰੀ ਕਰਕੇ ਬਿਆਸ, ਤਰਸਿੱਕਾ, ਘਰਿੰਡਾ, ਖਲਚੀਆਂ, ਨਵਾਂ ਪਿੰਡ, ਕੱਥੂਨੰਗਲ, ਰਈਆ, ਗਹਿਰੀ ਮੰਡੀ ਆਦਿ ਪੁਲਿਸ ਥਾਣਿਆਂ ਵਿੱਚ 10 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਨਵੇਂ ਹੁਕਮਾਂ ਅਨੁਸਾਰ ਸਬ ਇੰਸਪੈਕਟਰ ਪ੍ਰਭਜੋਤ ਸਿੰਘ ਨੂੰ ਪੁਲਿਸ ਲਾਈਨ ਤੋਂ ਬਦਲ ਕੇ ਐਸਐਚਓ ਬਿਆਸ, ਇੰਸਪੈਕਟਰ ਬਿੰਦਰਜੀਤ ਸਿੰਘ ਨੂੰ ਬਿਆਸ ਤੋਂ ਬਦਲ ਕੇ ਇੰਚਾਰਜ ਸਾਈਬਰ ਸੈੱਲ ਅੰਮ੍ਰਿਤਸਰ ਦਿਹਾਤੀ, ਸਬ ਇੰਸਪੈਕਟਰ ਪਰਮਿੰਦਰ ਕੌਰ ਨੂੰ ਮਜੀਠਾ ਤੋਂ ਐਸਐਚਓ ਤਰਸਿੱਕਾ, ਸਬ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਰਈਆ ਚੌਂਕੀ ਤੋਂ ਬਦਲ ਕੇ ਐਸਐਚਓ ਖਲਚੀਆਂ, ਸਬ ਇੰਸਪੈਕਟਰ ਰਸ਼ਪਾਲ ਸਿੰਘ (ਏ) ਐਸਐਚਓ ਘਰਿੰਡਾ ਤੋਂ ਬਦਲ ਕੇ ਕੱਥੂਨੰਗਲ, ਸਬ ਇੰਸਪੈਕਟਰ ਰਾਜਬੀਰ ਕੌਰ ਨੂੰ (ਏ) ਐਸਐਚਓ ਕੱਥੂਨੰਗਲ ਤੋਂ ਬਦਲ ਕੇ (ਏ) ਐਸਐਚਓ ਘਰਿੰਡਾ, ਸਬ ਇੰਸਪੈਕਟਰ ਨਿਸ਼ਾਨ ਸਿੰਘ ਨੂੰ ਗਹਿਰੀ ਮੰਡੀ ਤੋਂ ਬਦਲ ਕੇ ਇੰਚਾਰਜ ਨਵਾਂ ਪਿੰਡ, ਸਬ ਇੰਸਪੈਕਟਰ ਗੁਰਵਿੰਦਰ ਸਿੰਘ (ਏ) ਐਸਐਚਓ ਤਰਸਿੱਕਾ ਤੋਂ ਬਦਲ ਕੇ ਇੰਚਾਰਜ ਰਈਆ, ਸਬ ਇੰਸਪੈਕਟਰ ਅਜੈਪਾਲ ਸਿੰਘ ਨੂੰ (ਏ) ਐਸਐਚਓ ਖਲਚੀਆਂ ਤੋਂ ਬਦਲ ਕੇ ਥਾਣਾ ਬਿਆਸ, ਏਐਸਆਈ ਜਗੀਰ ਸਿੰਘ ਇੰਚਾਰਜ ਨਵਾਂ ਪਿੰਡ ਤੋਂ ਇੰਚਾਰਜ ਗਹਿਰੀ ਮੰਡੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਥਾਣਾ ਬਿਆਸ ਵਿਖੇ ਅਹੁਦਾ ਸੰਭਾਲਣ ਮੌਕੇ ਚੋਂਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵ ਨਿਯੁਕਤ ਥਾਣਾ ਮੁੱਖੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਇਸ ਸਮੇਂ ਦੁਨੀਆ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਲੋਕ ਆਪਣਾ ਬਚਾਅ ਕਰਦਿਆਂ ਭੀੜ ਨਾ ਇਕੱਤਰ ਕਰਨ ਤੇ ਨਾ ਹੀ ਭੀੜਭਾੜ ਵਾਲੇ ਇਲਾਕੇ ਵਿੱਚ ਜਾਣ, ਮਾਸਕ ਲਗਾ ਕੇ ਰੱਖਣ। ਉਨ੍ਹਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਸਬੰਧੀ ਪੰਜਾਬ ਸਰਕਾਰ ਦੀਆਂ ਸਮੂਹ ਗਾਈਡਲਾਈਨਜ ਦੀ ਪਾਲਣਾ ਕਰਨ ਤੋਂ ਇਲਾਵਾ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ।