ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 367 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਵਿਰਾਸਤੀ ਮਾਰਗ ਉੱਪਰ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਮੁਖੀ ਬਾਬਾ ਫੌਜਾ ਸਿੰਘ ਵੱਲੋਂ ਮੋਰਚਾ ਲਾਇਆ ਹੋਇਆ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਅਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ 4 ਨਵੰਬਰ ਤੋਂ "ਪੰਥਕ ਹੋਕੇ" ਦੀ ਆਰੰਭਤਾ ਕੀਤੀ ਗਈ ਹੈ।
ਇਸ ਹੋਕੇ ਦਾ ਮੁੱਖ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਸਰੂਪਾਂ ਦੇ ਇਨਸਾਫ਼,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਰੈਣੂ ਮਹੰਤ ਦੀ ਔਲਾਦ ਬਾਦਲ ਕੋੜਮੇ ਦਾ ਕਬਜ਼ਾ ਹਟਾਉਣਾ ਹੈ। ਉਹ ਹੋਕੇ ਰਾਹੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਦੋਸ਼ੀ ਕੌਣ ਹਨ ? ਤੇ ਅਜੇ ਤੱਕ ਮੁਕੱਦਮਾ ਕਿਉਂ ਨਹੀਂ ਦਰਜ ਹੋਇਆ? ਉਨ੍ਹਾਂ ਕਿਹਾ ਕਿ ਸਾਡੀ ਇਹ ਵੀ ਮੰਗ ਇਹ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਜਿੰਨ੍ਹਾਂ ਸਿੰਘਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਖ਼ਮੀ ਕੀਤਾ ਹੈ,ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਜਾਂਦੀ ਹੈ।
ਭਾਈ ਵਡਾਲਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕੰਨਾਂ ਤੋਂ ਬੋਲੀ, ਜ਼ੁਬਾਨ ਤੋਂ ਗੂੰਗੀ ਅਤੇ ਅੱਖਾਂ ਤੋਂ ਅੰਨ੍ਹੀ ਹੈ, ਇਸ ਕਾਰਨ ਅਜੇ ਮੁਕੱਦਮਾ ਦਰਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਉਹ 22 ਦਸੰਬਰ ਨੂੰ 12 ਵਜੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਿੰਡ ਧਾਰੋਵਾਲੀ ਜਾ ਕੇ ਉਸ ਦਾ ਘਰ ਘੇਰਨਗੇ ਤਾਂ ਜੋ ਸਰਕਾਰ ਦੀਆਂ ਸਰਕਾਰ ਦੀ ਨੀਂਦ ਖੁੱਲ੍ਹ ਸਕੇ ਤੇ ਸਿੱਖ ਕੌਮ ਨੂੰ ਇਨਸਾਫ ਮਿਲ ਸਕੇ।