ਅੰਮ੍ਰਿਤਸਰ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਲਾਉਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੰਦਭਾਗਾ ਅਤੇ ਧਾਰਮਿਕ ਆਜ਼ਾਦੀ ਦੇ ਖ਼ਿਲਾਫ਼ ਕਰਾਰ ਦਿੱਤਾ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਇਹ ਪਾਬੰਦੀ ਸਿਡਨੀ ਦੇ ਇੱਕ ਸਕੂਲ ਵਿੱਚ ਵਾਪਰੀ ਇੱਕ ਘਟਨਾ ਉਪਰੰਤ ਲਾਗੂ ਕੀਤੀ ਗਈ ਹੈ, ਪ੍ਰੰਤੂ ਸਿੱਖਾਂ ਦੇ ਜੀਵਨ ਦਾ ਅਹਿਮ ਅੰਗ ਕਿਰਪਾਨ ’ਤੇ ਪਾਬੰਦੀ ਲਗਾ ਦੇਣਾ ਸਿੱਖ ਮਾਨਤਾਵਾਂ ਦੇ ਬਿਲਕੁਲ ਵਿਰੁੱਧ ਹੈ।
ਇਹ ਵੀ ਪੜੋ: ਕੋਰੋਨਾ ਡਰੋਂ ਸਰਪੰਚਾਂ ਨੇ ਬੁਢਾਪਾ ਪੈਨਸ਼ਨ ਪੰਚਾਇਤ ਜ਼ਰੀਏ ਦੇਣ ਦੀ ਕੀਤੀ ਮੰਗ
ਬੀਬੀ ਜਗੀਰ ਕੌਰ ਨੇ ਕਿਹਾ ਕਿ ਉੱਥੋਂ ਦੀ ਸਰਕਾਰ ਨੂੰ ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਸਿੱਖ ਕੌਮ ਦੀਆਂ ਪ੍ਰਤੀਨਿਧ ਸੰਸਥਾਵਾਂ ਤੋਂ ਸਲਾਹ ਲੈਣੀ ਚਾਹੀਦੀ ਸੀ, ਕਿਉਂਕਿ ਕਿਰਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ ਅਤੇ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੇ ਸ਼ਰੀਰ ਦਾ ਅਹਿਮ ਅੰਗ ਹੈ। ਇਹ ਕਕਾਰ ਸਿੱਖਾਂ ਵੱਲੋਂ 300 ਸਾਲਾ ਤੋਂ ਵੱਧ ਦਾ ਸਮਾਂ ਪਾਉਂਦਿਆਂ ਨੂੰ ਹੋ ਗਿਆ ਹੈ। ਬੀਬੀ ਜਗੀਰ ਕੌਰ ਕਿਹਾ ਕਿ ਇਸ ਸਬੰਧੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਦਿੱਲੀ ’ਚ ਆਸਟ੍ਰੇਲੀਆ ਦੂਤਾਵਾਸ ਨੂੰ ਪੱਤਰ ਲਿਖਿਆ ਗਿਆ ਹੈ ਤੇ ਸਾਨੂੰ ਆਸ ਹੈ ਕਿ ਭਾਰਤ ਸਰਕਾਰ ਇਸ ਮਸਲੇ ’ਤੇ ਐਕਸ਼ਨ ਲਵੇਗੀ।