ਅੰਮ੍ਰਿਤਸਰ: ਸ਼ਹਿਰ 'ਚ ਮੁੜ ਤੋਂ ਦਾਜ ਲਈ ਇੱਕ ਨਵ-ਵਿਆਹੁਤਾ ਨੂੰ ਤੰਗ ਪਰੇਸ਼ਾਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਮੁਲਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੀੜਤਾ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਲੌਕਡਾਊਨ ਦੇ ਦੌਰਾਨ 29 ਮਾਰਚ ਨੂੰ ਮਹਿਕਪ੍ਰੀਤ ਦਾ ਵਿਆਹ ਸ਼ਹਿਰ 'ਚ ਗੋਲਡਨ ਐਵਨਿਊ ਦੇ ਨਰਿੰਦਰ ਸਿੰਘ ਨਾਲ ਕੀਤਾ ਗਿਆ ਸੀ। ਲੌਕਡਾਊਨ ਦੇ ਚਲਦੇ ਘੱਟ ਲੋਕਾਂ ਦੀ ਮੌਜੂਦਗੀ 'ਚ ਦੋਹਾਂ ਦਾ ਵਿਆਹ ਕੀਤਾ ਗਿਆ। ਵਿਆਹ ਤੋਂ 15 ਦਿਨਾਂ ਬਾਅਦ ਪੀੜਤਾ ਦੇ ਸਹੁਰੇ ਪਰਿਵਾਰ ਨੇ ਲੌਕਡਾਊਨ ਦੌਰਾਨ ਵਿਆਹ ਕਾਰਨ ਪੇਕੇ ਘਰ ਤੋਂ ਬਚੇ ਰੁਪਏ ਲਿਆਉਣ ਦੀ ਮੰਗ ਕੀਤੀ।
ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਵੱਲੋਂ ਗੱਡੀ ਦੀ ਮੰਗ ਕੀਤੀ ਗਈ ਜਦਕਿ ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਦਾਜ ਦੀ ਕੋਈ ਮੰਗ ਨਹੀਂ ਕੀਤੀ ਸੀ। ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਤੇ ਪਤੀ ਦਾਜ ਲਈ ਉਸ 'ਤੇ ਤਸ਼ੱਦਦ ਕਰਦੇ ਸਨ। ਉਸ ਨਾਲ ਉਥੇ ਕੁੱਟਮਾਰ ਕੀਤੀ ਗਈ ਅਤੇ ਕੁੱਝ ਦਿਨ ਪਹਿਲਾਂ ਉਸ ਨੂੰ ਜਬਰਨ ਫਿਨਾਇਲ ਪਿਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਮਹਿਕਪ੍ਰੀਤ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਹਸਪਤਾਲ ਲਿਜਾ ਕੇ ਉਸ ਦੀ ਜਾਨ ਬਚਾਈ। ਪੀੜਤਾ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ।
ਇਸ ਮਾਮਲੇ ਬਾਰੇ ਦੱਸਦੇ ਹੋਏ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਪੀੜਤਾ ਤੇ ਉਸ ਦੇ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।