ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਦੀਆਂ 45 ਨੌਜਵਾਨ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਇੱਸ ਇੱਕਠ ਦੀ ਅਗਵਾਈ ਸ੍ਰੀ ਅਕਾਤ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਪਟਿਆਲਾ ਵਿਖੇ ਬੀਤੀ 29 ਅਪ੍ਰੈਲ ਨੂੰ ਹੋਈ ਹਿੰਸਕ ਘਟਨਾ ਦੀ ਪੜਚੋਲ ਕੀਤੀ ਗਈ, ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਖਿਲਾਫ਼ ਸਿਰਜੇ ਜਾ ਰਹੇ ਫਿਰਕੂ ਬਿਰਤਾਂਤ ਅਤੇ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਖਿਲਾਫ ਕੀਤੀ ਜਾ ਰਹੀ ਇਕ ਪਾਸੜ ਨਾਜਾਇਜ਼ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
'ਫਸਲਾਂ ਅਤੇ ਨਸਲਾਂ ਦੋਵੇ ਹੋ ਰਹੀਆਂ ਖਰਾਬ': ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਥੇ ਫਸਲਾਂ ਵੀ ਖਰਾਬ ਹੋ ਗਈਆਂ ਅਤੇ ਨਸਲਾਂ ਵੀ ਖਰਾਬ ਹੋ ਗਈਆਂ ਹਨ। ਜਿਹੜੀਆਂ ਫਸਲਾਂ ਸਾਨੂੰ ਧਰਤੀ ’ਤੇ ਪੈਦਾ ਹੁੰਦੀ ਹੋਈ ਦਿਖਾਈ ਦੇ ਰਹੀਆਂ ਹਨ ਉਹ ਬੀਜ਼ ਨਾਲ ਨਹੀਂ ਧਰਤੀ ਦੇ ਨਾਲ ਬਲਾਤਕਾਰ ਕਰਕੇ ਪੈਦਾ ਹੋ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਦੇ ਅੰਕੜਿਆਂ ਬਾਰੇ ਉਨ੍ਹਾਂ ਨੂੰ ਨਹੀਂ ਪਤਾ ਹੈ ਪਰ ਪੰਜਾਬ ’ਚ 625 ਅਜਿਹੇ ਸੈਂਟਰ ਖੁੱਲ੍ਹ ਚੁੱਕੇ ਹਨ ਜਿੱਥੇ ਟੈਸਟ ਟਿਊਬ ਬੇਬੀ ਰਾਹੀ ਬੱਚਿਆ ਦੇ ਜਨਮ ਹੋ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਲੜਕੀਆਂ ਸਾਡੀਆਂ ਪੰਜਾਬ ਦੀਆਂ ਹਨ ਪਰ ਸਿਮਨ ਗੈਰ ਪੰਜਾਬੀਆਂ ਦਾ ਆ ਰਿਹਾ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਸਾਡੀਆਂ ਫਸਲਾਂ ਅਤੇ ਨਸਲਾਂ ਦੋਵੇਂ ਖਰਾਬ ਹੋ ਰਹੀਆਂ ਹਨ। ਇਸ ਧਰਤੀ ਨੂੰ ਉਜਾੜਿਆ ਜਾ ਰਹੀਆਂ ਹਨ। ਇਹ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਇਸ ਧਰਤੀ ਨੂੰ ਛੱਡ ਕੇ ਚਲੇ ਜਾਈਆਂ ਅਤੇ ਇੱਥੋ ਨੌਜਵਾਨ ਵਿਦੇਸ਼ ਜਾ ਵੀ ਰਹੇ ਹਨ। ਇੱਥੇ ਹਰ ਕੋਈ ਵਿਦੇਸ਼ ਜਾ ਰਹੇ ਹਨ ਚਾਹੇ ਉਹ ਸਰਕਾਰੀ ਨੌਕਰੀ ਵਾਲਾ ਹੋਵੇ ਜਾਂ ਫਿਰ ਇੱਕਲਾ ਮਲਕੀਅਤ ਵਾਲਾ ਹੋਵੇ। ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਕੀ ਲੋੜ ਪੈ ਗਈ। ਇਸ ਸਬੰਧੀ ਸੋਚਣ ਦੀ ਬਹੁਤ ਲੋੜ ਹੈ।
ਮਤੇ ਕੀਤੇ ਗਏ ਪਾਸ: ਦੂਜੇ ਪਾਸੇ ਸਿੰਘ ਸਾਹਿਬ ਨੇ ਕਿਹਾ ਕਿ ਪਟਿਆਲੇ ਦੀ ਘਟਨਾ 1947 ਤੋਂ ਬਾਅਦ ਭਾਰਤੀ ਸਟੇਟ ਵੱਲੋਂ ਲਗਾਤਾਰ ਸਿੱਖ ਕੌਮ ਦੀ ਕੀਤੀ ਜਾ ਰਹੀ ਮਾਨਸਿਕ ਤੇ ਸ਼ਰੀਰਕ ਨਸਲਕੁਸ਼ੀ ਦਾ ਹੀ ਇਕ ਹਿੱਸਾ ਹੈ। ਸਰਕਾਰ ਸਿੱਖਾਂ ਨੂੰ ਹਰਪੱਖ ਤੋਂ ਬਦਨਾਮ ਅਤੇ ਬਰਬਾਦ ਕਰਨ ਲਈ ਹਮਲੇ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੁਨੀਆਂ ਭਰ ਵਿਚ ਵਸਦਾ ਹਰ ਸਿੱਖ ਸਰਕਾਰ ਦੀਆਂ ਨੀਤੀਆਂ ਅਤੇ ਫਿਰਕੂ ਤਾਕਤਾਂ ਵੱਲੋਂ ਨਿਸ਼ਾਨਾ ਬਣਾਏ ਜਾ ਰਹੇ ਸਿੱਖ ਨੌਜਵਾਨਾਂ ਦੇ ਨਾਲ ਖੜਾ ਹੈ ਅਤੇ ਸਿੱਖ ਕੌਮ, ਸਿੱਖ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹੋ ਰਹੇ ਸਰਕਾਰੀ ਜ਼ਬਰ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਇਕੱਤਰ ਹੋਈਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ‘ਤੇ 6 ਮਤੇ ਪਾਸ ਕੀਤੇ ਗਏ।
- ਮਿਤੀ 29 ਅਪ੍ਰੈਲ ਨੂੰ ਪਟਿਆਲਾ ਵਿਖੇ ਹੋਏ ਹਿੰਸਕ ਮਾਮਲੇ ’ਤੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਨੂੰ ਸਿੱਖ ਕੌਮ ਪ੍ਰਤੀ ਦਮਨਕਾਰੀ ਨੀਤੀ ਮੰਨਦਾ ਹੋਇਆ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਕਿਉਂਕਿ ਕਈ ਦਿਨ ਪਹਿਲਾਂ ਪੋਸਟਰ ਬਣਾਕੇ ਸਿੱਖ ਕੌਮ ਨੂੰ ਵੰਗਾਰਨ ਵਾਲੇ ਫਿਰਕਾਪ੍ਰਸਤ ਹਰੀਸ਼ ਸਿੰਗਲੇ ਉੱਤੇ ਘਟਨਾ ਵਾਪਰਨ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਪ੍ਰਸ਼ਾਸਨ ਰਾਹੀਂ ਸੰਵਿਧਾਨਕ ਚਾਰਾਜੋਈ ਕਰ ਰਹੇ ਬਰਜਿੰਦਰਸਿੰਘ ਪਰਵਾਨਾ ਨੂੰ ਘਟਨਾ ਦਾ ਮਾਸਟਰ ਮਾਈਂਡ ਆਖਕੇ ਸਰਕਾਰ ਨੇ ਮੀਡੀਆ ਰਾਹੀਂ ਸਿੱਖ ਕੌਮ ਦੇ ਖਿਲਾਫ ਝੂਠਾ ਬਿਰਤਾਂਤ ਸਿਰਜਿਆ।
- ਪੰਜਾਬ ਸਰਕਾਰ ਦੀ ਸਿੱਖ ਕੌਮ ਪ੍ਰਤੀ ਮਾੜੀ ਨੀਤੀ ਇਥੋਂ ਜੱਗ ਜਾਹਿਰ ਹੁੰਦੀ ਹੈ ਕਿ ਇਕ ਸ਼ਖਸ ਤਲਵਾਰ ਨਾਲ ਗੁਰਸੇਵਕ ਸਿੰਘ ਭਾਣਾ 'ਤੇ ਵਾਰ ਕਰਦਾ ਹੈ ਤੇ ਉਹ ਡੰਡੇ ਨਾਲ ਰੋਕਣ ਦਾ ਯਤਨ ਕਰਦਾ ਹੈ, ਪਰ ਸਰਕਾਰ ਡੰਡੇ ਨਾਲ ਰੋਕਣ ਵਾਲੇ ਨੂੰ ਦੋਸ਼ੀ ਮੰਨਦੀ ਹੈ। ਸਰਕਾਰ ਵੱਲੋਂ ਸਿੱਖਾਂ ਉੱਤੇ ਮੰਦਰ ਅੰਦਰ ਹਮਲੇ ਦਾ ਦੋਸ਼ ਮੜ੍ਹਿਆ ਗਿਆ ਪਰ ਮੰਦਰ ਕਮੇਟੀ ਨੇ ਸਰਕਾਰ ਦੇ ਇਸ ਝੂਠ ਦਾ ਪਰਦਾਫਾਸ਼ ਕੀਤਾ, ਸਰਕਾਰ ਨੇ ਨਿਰਦੋਸ਼ ਸਿੱਖਾਂ ‘ਤੇ ਪਰਚੇ ਦਰਜ਼ ਕਰਕੇ ਉਹਨਾਂ ਵਿਚੋਂ ਕੁਝ ਦੇ ਪਰਿਵਾਰਾਂ ਨੂੰ ਥਾਣੇ ਵਿਚ ਜ਼ਲੀਲ ਕੀਤਾ।
- ਇਹ ਇਕੱਠ ਸਿੱਖਾਂ ਪ੍ਰਤੀ ਸਰਕਾਰ ਦੇ ਝੂਠੇ ਪ੍ਰਾਪੇਗੰਡੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੋਇਆ ਸ਼ਿਵ ਸੈਨਾ ਆਗੂ ਸਿੰਗਲਾ ਵੱਲੋਂ ਪੰਜਾਬ ਅੰਦਰ ਸਿੱਖਾਂ ਤੇ ਹਿੰਦੂਆਂ ਨੂੰ ਲੜਾਉਣ ਦੀ ਖੇਡੀ-ਖੇਡ ਪਿੱਛੇ ਛੁਪੀ ਸਾਜਿਸ਼ ਨੂੰ ਬੇਨਕਾਬ ਕਰਨ ਤੇ ਸਾਜਿਸ਼ ਰਚਣ ਵਾਲ਼ੀਆਂ ਸ਼ਕਤੀਆਂ ਦਾ ਪਤਾ ਲਾਉਣ ਲਈ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਆਇਕ ਜਾਂਚ ਦੀ ਮੰਗ ਕਰਦਾ ਹੈ।
- ਇਹ ਇਕੱਠ ਸਿੰਘ ਸਾਹਿਬ ਜੀ ਰਾਹੀਂ ਪੰਜਾਬ ਸਰਕਾਰ ਨੂੰ 70ਵੇਂ ਦਹਾਕੇ ਵਿਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਕੁਚਲਕੇ ਬਾਕੀ ਸੂਬਿਆਂ ਵਿਚ ਚੋਣਾਂ ਜਿੱਤਣ ਦੀ ਰਣਨੀਤੀ ਅਪਨਾਉਣ ਤੋਂ ਵਰਜਦਾ ਹੋਇਆ ਤਾੜਨਾ ਕਰਦਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਹਕੂਮਤਾਂ ਨੂੰ ਬਰਬਾਦੀ ਦੇ ਰਾਹ ਲੈ ਗਈ ਸੀ। ਇਸ ਲਈ ਸਿੱਖਾਂ ਦੀਆਂ ਹੱਡੀਆਂ ਦਾ ਤੰਦੂਰ ਤਪਾਕੇ ਫਿਰਕਾਪ੍ਰਸਤੀ ਦੀਆਂ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ ਕੀਤਾ ਜਾਵੇ।
- ਇਹ ਇਕੱਠ ਸਿੰਘ ਸਾਹਿਬ ਜੀ ਤੋਂ ਸਰਕਾਰ ਨੂੰ ਇਹ ਆਦੇਸ਼ ਕਰਨ ਦੀ ਮੰਗ ਕਰਦਾ ਹੈ ਕਿ ਫਿਰਕਾਪ੍ਰਸਤੀ ਦੀ ਅੱਗ ਫੈਲਾਉਣ ਵਾਲੇ ਸਾਰੇ ਨਕਲੀ ਸ਼ਿਵ ਸੈਨਿਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸੁਰੱਖਿਆ ਗਾਰਡ ਤੁਰੰਤ ਵਾਪਿਸ ਲਈ ਜਾਵੇ।
- ਇਹ ਇਕੱਠ ਸਰਕਾਰ ਨੂੰ ਯਾਦ ਕਰਵਾਉਣਾ ਚਾਹੁੰਦਾ ਹੈ ਕਿ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਦੇ ਹੁਕਮਾਂ ਮੁਤਾਬਿਕ ਖ਼ਾਲਿਸਤਾਨ ਦੀ ਸ਼ਾਤਮਈ ਮੰਗ ਕਰਨਾ ਕੋਈ ਜੁਰਮ ਨਹੀਂ ਹੈ ਪਰ ਸਰਕਾਰਾਂ ਅਤੇ ਸਰਕਾਰੀ ਸ਼ਹਿ ਪ੍ਰਾਪਤ ਹਿੰਦੁਤਵ ਨਾਲ ਜੁੜੀਆ ਫਿਰਕੂ ਤਾਕਤਾਂ ਕੋਰਟਾਂ ਦੇ ਹੁਕਮਾਂ ਦੀ ਉਲੰਘਣਾ ਕਰਕੇ ਵਾਰ-ਵਾਰ ਸਿੱਖ ਨੌਜ਼ਵਾਨੀ ਨੂੰ ਨਿਸ਼ਾਨਾ ਬਣਾਉਣ ਲਈ ਖ਼ਾਲਿਸਤਾਨ ਦੀ ਮੰਗ ਨੂੰ ਹਊਆ ਬਣਾ ਕੇ ਪੇਸ਼ ਕਰ ਰਹੀਆਂ ਹਨ। ਸਰਕਾਰਾਂ ਬੀਤੇ ਤੋਂ ਸਬਕ ਲੈਣ ਅਤੇ ਵੋਟਾਂ ਖਾਤਿਰ ਅੱਗ ਨਾਲ ਖੇਡਣਾ ਬੰਦ ਕਰਨ।
ਇਹ ਵੀ ਪੜੋ: ਕਰਜ਼ ਦੇ ਦੈਂਤ ਨੇ ਤਹਿਸ ਨਹਿਸ ਕੀਤਾ ਹੱਸਦਾ ਖੇਡਦਾ ਪਰਿਵਾਰ