ਅੰਮ੍ਰਿਤਸਰ: ਬੀਤੇ ਮਹੀਨੇ ਕੈਨੇਡਾ ਦੇ ਬ੍ਰਿਟਸ਼ ਕੋਲੰਬੀਆ ਵਿੱਚ ਅਣਪਛਾਤੇ ਨੌਜਵਾਨ ਵਲੋਂ ਬਿਆਸ ਦੇ ਜੰਮਪਲ ਅਤੇ ਕੈਨੇਡੀਅਨ ਪੁਲਿਸ ਵਿੱਚ ਬਤੌਰ ਕੁਰੈਕਸ਼ਨ ਅਫਸਰ ਸੇਵਾਵਾਂ ਨਿਭਾਅ ਰਹੇ ਨੌਜਵਾਨ ਬਿਕਰਮਦੀਪ ਸਿੰਘ ਰੰਧਾਵਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਸਥਾਨਕ ਕਸਬੇ ਵਿੱਚ ਰਹਿ ਰਹੇ ਬਿਕਰਮਦੀਪ ਰੰਧਾਵਾ ਦੇ ਮਾਪਿਆਂ ਵਲੋਂ ਕੈਨੇਡਾ ਅਤੇ ਭਾਰਤ ਸਰਕਾਰ ਨੂੰ ਕੈਨੇਡਾ ਜਾ ਕੇ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਨਿਭਾਉਣ ਦੀ ਅਪੀਲ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਬੀਤੇ ਮਹੀਨੇ ਤੋਂ ਸ਼ਹੀਦ ਬਿਕਰਮਦੀਪ ਸਿੰਘ ਰੰਧਾਵਾ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਵਿੱਚ ਅੰਤਿਮ ਰਸਮਾਂ ਨਿਭਾਉਣ ਲਈ ਰੱਖਿਆ ਹੋਇਆ ਹੈ ਅਤੇ ਹੁਣ ਪਿਛਲੇ ਮਹੀਨੇ ਸ਼ਹੀਦ ਬਿਕਰਮਦੀਪ ਰੰਧਾਵਾ ਦੇ ਪਿਤਾ ਸ.ਤਰਲੋਚਨ ਸਿੰਘ ਰੰਧਾਵਾ (ਰਿਟਾ ਏਡੀਐਫਓ) ਅਤੇ ਮਾਤਾ ਕੰਵਲਜੀਤ ਕੌਰ ਕੈਨੇਡਾ ਪੁੱਜ ਗਏ ਸਨ ਪਰ ਕਰੋਨਾ ਨਿਯਮਾਂ ਦੇ ਪ੍ਰੋਟੋਕਾਲ ਦੇ ਤਹਿਤ ਕੁਆਰਨਟਾਈਨ ਹੋਣ ਤੋਂ ਬਾਅਦ ਹੁਣ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਪਾਏ ਹਨ।ਸ਼ਹੀਦ ਬਿਕਰਮਦੀਪ ਰੰਧਾਵਾ ਦੇ ਅੰਤਿਮ ਦਰਸ਼ਨ ਕਰਦਿਆਂ ਉਨ੍ਹਾਂ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰ ਬੇਹੱਦ ਭਾਵੁਕ ਸਨ ਅਤੇ ਇਸ ਸਾਰੇ ਮਾਹੌਲ ਵਿੱਚ ਉਥੇ ਹਾਜਰ ਹੋਰ ਅਫਸਰ ਵੀ ਵੀ ਇਹ ਸਭ ਦੇਖ ਕੇ ਆਪਣੇ ਹੰਝੂ ਰੋਕ ਨਾ ਸਕੇ, ਜੋ ਕਿ ਬੇਹੱਦ ਗਮਗੀਨ ਸਨ ਅਤੇ ਸ਼ਹੀਦ ਰੰਧਾਵਾ ਦੇ ਮਾਤਾ ਪਿਤਾ ਦੇ ਕੈਨੇਡਾ ਆਉਣ ਦੀ ਉਡੀਕ ਚ ਸਨ।

ਸਥਾਨਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਬਿਕਰਮਦੀਪ ਸਿੰਘ ਰੰਧਾਵਾ ਦੇ ਅੰਤਿਮ ਸਸਕਾਰ ਦੀ ਰਸਮ ਕੱਲ੍ਹ ਕੈਨੇਡਾ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਵਲੋਂ ਅਦਾ ਕੀਤੀ ਜਾਏਗੀ।ਜਿਕਰਯੋਗ ਹੈ ਕਿ ਸ਼ਹੀਦ ਬਿਕਰਮਦੀਪ ਰੰਧਾਵਾ ਦੇ ਸ਼ਹੀਦ ਹੋ ਜਾਣ ਤੇ ਭਾਰਤ ਕੈਨੇਡਾ ਸਮੇਤ ਵਸਨੀਕਾਂ ਵਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕੈਂਡਲ ਮਾਰਚ ਕੱਢ ਕੇ ਸ਼ਹੀਦ ਬਿਕਰਮਦੀਪ ਸਿੰਘ ਰੰਧਾਵਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਸਨ।