ਅੰਮ੍ਰਿਤਸਰ : ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਵੱਧਣ ਅਤੇ ਛੋਟੇ ਬੱਚਿਆਂ ਸਮੇਤ ਆਮ ਲੋਕਾਂ ਉੱਤੇ ਹਮਲਾ ਕੀਤੇ ਜਾਣ ਦੀਆਂ ਘਟਨਾਵਾਂ ਵੱਧ ਗਈਆਂ ਹਨ। ਇਸ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕ ਆਪਣੇ ਘਰੋਂ ਨਿਕਲਨ ਤੋਂ ਡਰਦੇ ਹਨ। ਹੁਣ ਤੱਕ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਵੱਲੋਂ ਛੋਟੇ ਬੱਚਿਆਂ ਉੱਤੇ ਹਮਲਾ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਸਰਕਾਰੀ ਹਸਪਤਾਲ ਦੇ ਅੰਕੜੀਆਂ ਦੇ ਮੁਤਾਬਕ ਸ਼ਹਿਰ ਵਿੱਚ ਹਰ ਰੋਜ਼ ਕਰੀਬ 100 ਤੋਂ ਵੱਧ ਮਰੀਜ਼ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੁੰਦੇ ਹਨ। ਇਸ ਬਾਰੇ ਸਿਵਲ ਹਸਪਤਾਲ ਦੇ ਡਾਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਰੋਜ਼ਾਨਾਂ 70 ਤੋਂ 80 ਮਰੀਜ਼ ਕੁੱਤੇ ਦੇ ਕੱਟਣ ਤੋਂ ਬਾਅਦ ਇਲਾਜ ਕਰਵਾਉਣ ਲਈ ਆਉਂਦੇ ਹਨ। ਮਰੀਜਾਂ ਨੂੰ ਇਲਾਜ ਦੇ ਦੌਰਾਨ ਰੇਬੀਜ਼ ਦੇ ਟੀਕੇ ਲਗਾਏ ਜਾਂਦੇ ਹਨ।
ਜਦੋਂ ਇਸ ਮਾਮਲੇ ਉੱਤੇ ਨਗਰ ਨਿਗਮ ਅਧਿਕਾਰੀਆਂ ਨੇ ਗੱਲ ਕੀਤੀ ਤਾਂ ਸਹਾਇਕ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵੇਨਟਰੀ ਹਸਪਤਾਲ 'ਚ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ। ਹੁਣ ਤੱਕ ਇਥੇ 200 ਦੇ ਕਰੀਬ ਕੁੱਤਿਆ ਦੀ ਸਟਰਲਾਈਜ਼ੇਸ਼ਨ ਹੋ ਚੁੱਕੀ ਹੈ। ਕੋਮਲ ਮਿੱਤਲ ਨੇ ਕਿਹਾ ਕਿ ਨਗਰ ਨਗਿਮ ਵੱਲੋਂ ਜਲਦ ਹੀ ਇਸ ਸਮੱਸਿਆ ਤੋਂ ਨਿਜੱਠਣ ਲਈ ਡੌਗ ਸਟੀਰਲਾਈਜ਼ੇਸ਼ਨ ਸੈਂਟਰ ਖੋਲ੍ਹਿਆ ਜਾਵੇਗਾ ਅਤੇ ਸ਼ਹਿਰ ਵਿੱਚ ਅਜਿਹ 7 ਸੈਂਟਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਫੰਡ ਘੱਟ ਹੋਣ ਕਾਰਨ ਇਸ ਕੰਮ ਨੂੰ ਥੋੜਾ ਹੋਰ ਸਮਾਂ ਲਗ ਸਕਦਾ ਹੈ।
ਨਗਰ ਨਿਗਮ ਦੇ ਇਸ ਫੈਸਲੇ ਤੋਂ ਸ਼ਹਿਰ ਵਾਸੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਸੈਂਟਰ ਖੁੱਲ੍ਹ ਜਾਂਣਗੇ ਤਾਂ ਅਵਾਰਾ ਕੁੱਤਿਆਂ ਦਾ ਗਿਣਤੀ ਘੱਟ ਜਾਵੇਗੀ।