ਅੰਮ੍ਰਿਤਸਰ: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ੍ਹ ਤੋਂ ਆਰੰਭ ਹੋਏ ਗੁਰਮਤਿ ਸਮਾਗਮ ਦੂਸਰੇ ਦਿਨ ਵੀ ਜਾਰੀ ਰਹੇ, ਜਿਸ ਤਹਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਵੱਖ-ਵੱਖ ਰਾਗੀ-ਢਾਡੀ ਤੇ ਕਵੀਸ਼ਰ ਜਥਿਆਂ ਨੇ ਹਾਜ਼ਰੀ ਭਰੀ ਤੇ ਸੰਗਤ ਨੂੰ ਗੁਰੂ-ਜਸ ਸਰਵਣ ਕਰਵਾਇਆ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ।
ਇਹ ਵੀ ਪੜੋ: ਸਿੱਧੂ ਖਿਲਾਫ਼ ਬਿਆਨਬਾਜ਼ੀ ਦਾ ਮਤਲਬ ਸਿੱਧੂ 'ਕਾਂਗਰਸ ਚੋਂ OUT' ?
ਅਰਦਾਸ ਮਗਰੋਂ ਆਰੰਭ ਹੋਏ ਨਗਰ ਕੀਰਤਨ ਦੌਰਾਨ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਚੌਰ ਸਾਹਿਬ ਦੀ ਸੇਵਾ ਨਿਭਾ ਰਹੇ ਸਨ, ਜਦਕਿ ਸੰਗਤਾਂ ਗੁਰਬਾਣੀ ਦੇ ਸ਼ਬਦ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਨਾਲ ਚੱਲ ਰਹੀਆਂ ਸਨ। ਗਤਕਾ ਅਤੇ ਬੈਂਡ ਪਾਰਟੀਆਂ ਨੇ ਵੀ ਨਗਰ ਕੀਰਤਨ ਦੌਰਾਨ ਸ਼ਮੂਲੀਅਤ ਕੀਤੀ। ਬੇਸ਼ੱਕ ਕੋਰੋਨਾ ਦੇ ਚੱਲਦਿਆਂ ਸੰਗਤ ਦੀ ਸ਼ਮੂਲੀਅਤ ਸੀਮਤ ਰਹੀ, ਪਰੰਤੂ ਹਾਜ਼ਰ ਸੰਗਤਾਂ ਅੰਦਰ ਗੁਰੂ ਸਾਹਿਬ ਜੀ ਦੇ ਇਤਿਹਾਸਕ ਪੁਰਬ ਪ੍ਰਤੀ ਉਤਸ਼ਾਹ ਸੀ।