ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਗਦੰਬਾ ਕਾਲੋਨੀ ਦੇ ਰਹਿਣ ਵਾਲੇ 35 ਸਾਲਾਂ ਚਰਨਜੀਤ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਸੀ ਜਿਸ ਕਾਰਨ ਪਰਿਵਾਰ ਵੱਲੋਂ ਚਰਨਜੀਤ ਨੂੰ ਹਸਪਤਾਲ ਲਿਆਂਦਾ ਗਿਆ। ਪਰਿਵਾਰ ਮੁਤਾਬਕ ਇੱਥੇ ਡਾਕਟਰਾਂ ਵੱਲੋਂ ਵਰਤੀ ਲਾਪਰਵਾਹੀ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰ ਨੇ ਡਾਕਟਰਾਂ 'ਤੇ ਦੋਸ਼ ਲਗਾਇਆ ਹੈ ਕਿ ਚਰਨਜੀਤ ਨੂੰ ਸਿਰਫ਼ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਸੀ ਪਰ ਡਾਕਟਰਾਂ ਨੇ ਉਸ ਨੂੰ ਨਰਸਾਂ ਅਤੇ ਜੂਨੀਅਰ ਡਾਕਟਰਾਂ ਦੇ ਹਵਾਲੇ ਛੱਡ ਦਿਤਾ ਜਿਸ ਕਾਰਨ ਉਸ ਦਾ ਸਹੀ ਇਲਾਜ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਟ੍ਰਰੇਨੀ ਨਰਸਾਂ ਨੂੰ ਇਲਾਜ ਬਾਰੇ ਪੂਰੀ ਜਾਣਕਾਰੀ ਨਹੀਂ ਸੀ।
ਦੂਜੇ ਪਾਸੇ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਕਿਹਾ ਕਿ ਜਦੋ ਮਰਿਜ਼ ਨੂੰ ਲਿਆਂਦਾ ਗਿਆ ਤਾਂ ਉਸ ਵੇਲੇ ਉਸ ਨੂੰ ਸੀਰੀਅਸ ਹਾਰਟ ਅਟੈਕ ਆਇਆ ਸੀ। ਮਰੀਜ਼ ਨੇ ਆਪ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਜਦੋ ਮਰੀਜ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਹੰਗਾਮਾ ਕੀਤਾ ਗਿਆ ਅਤੇ ਉਨ੍ਹਾਂ ਨੇ ਡਾਕਟਰਾਂ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਉਥੋ ਭੱਜਣਾ ਪਿਆ।
ਇਸ ਮੌਕੇ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਵਿਧਾਇਕ ਗੁਰਜੀਤ ਸਿੰਘ ਔਜਲਾ ਹਸਪਤਲਾ ਪੁੱਜੇ ਅਤੇ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਪੁਲਿਸ ਅਧਿਕਾਰੀ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।