ਅੰਮ੍ਰਿਤਸਰ: ਬੀਤ੍ਹੇ ਦਿਨੀਂ ਕਾਮੇਡੀਅਨ ਭਾਰਤੀ ਸਿੰਘ ਤੇ ਉਸਦੇ ਪਤੀ ਹਰਸ਼ ਨੂੰ ਮੁੰਬਈ ਦੀ (NCB) ਬ੍ਰਾਂਚ ਵੱਲੋਂ ਗਾਂਜੇ ਦੇ ਸੇਵਨ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਭਾਰਤੀ ਸਿੰਘ ਤੇ ਉਸਦੇ ਪਤੀ ਨੇ ਪੁਲਿਸ ਦੀ ਪੁੱਛ-ਗਿੱਛ ਦੌਰਾਨ ਕਬੂਲਿਆ ਹੈ ਕਿ ਉਹ ਦੋਨੋ ਜਣੇ ਗਾਂਜੇ ਦੇ ਸੇਵਨ ਕਰਦੇ ਹਨ। ਪਰ ਅੰਮ੍ਰਿਤਸਰ ’ਚ ਭਾਰਤੀ ਸਿੰਘ ਦੇ ਬਚਪਨ ’ਚ ਰਹੇ ਗੁਆਂਢੀ, ਉਸਦੇ ਹੱਕ ’ਚ ਨਿੱਤਰ ਆਏ ਹਨ ਤੇ ਕਿਹਾ ਭਾਰਤੀ ਕਦੇ ਵੀ ਅਜਿਹਾ ਗਲਤ ਕੰਮ ਨਹੀਂ ਕਰ ਸਕਦੀ, ਉਸਨੂੰ ਕਿਸੇ ਰਜਿੰਸ਼ ਤਹਿਤ ਫਸਾਇਆ ਜਾ ਰਿਹਾ ਹੈ।
ਭਾਰਤੀ ਸਿੰਘ ਦੇ ਗੁਆਢੀਆਂ ਦਾ ਕਹਿਣਾ ਹੈ ਕਿ ਭਾਰਤੀ ਸਿੰਘ ਬਚਪਨ ਤੋਂ ਹੀ ਮਿਹਨਤੀ ਕੁੜੀ ਹੈ ਜੋ ਕਿ ਭੁੱਲ ਕੇ ਵੀ ਅਜਿਹਾ ਕੰਮ ਨਹੀਂ ਕਰ ਸਕਦੀ। ਜਦੋਂ ਅੰਮ੍ਰਿਤਸਰ ’ਚ ਈਟੀਵੀ ਭਾਰਤੀ ਦੀ ਟੀਮ ਨਾਲ ਭਾਰਤੀ ਦੇ ਗੁਆਢੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਰਤੀ ਉਨ੍ਹਾਂ ਸਾਹਮਣੇ ਹੀ ਬਚਪਨ ਗੁਜ਼ਾਰਿਆ ਹੈ ਤੇ ਉਹ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦੀ। ਇਹ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਛੋਟੀ ਉਮਰ ’ਚ ਹੀ ਭਾਰਤੀ ਦੇ ਪਿਤਾ ਦੀ ਮੌਤ ਹੋ ਗਈ ਸੀ, ਭਾਰਤੀ ਦੀ ਮਾਂ ਨੇ ਸਖ਼ਤ ਮਿਹਨਤ ਕਰ ਬੱਚਿਆਂ ਨੂੰ ਪਾਲਿਆ ਹੈ।
ਭਾਰਤੀ ’ਤੇ ਲੱਗੇ ਇਲਜ਼ਾਮ ਸਿਰਫ਼ ਕਲਾਕਾਰੀ ਦੀ ਆਪਸੀ ਰਜਿੰਸ਼ ਦਾ ਨਤੀਜਾ ਹੈ। ਉੱਥੇ ਹੀ ਭਾਰਤੀ ਦੇ ਪਤੀ ਹਰਸ਼ ਬਾਰੇ ਪੁੱਛਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਪਤੀ ਬਾਰੇ ਉਹ ਨਹੀਂ ਜਾਣਦੇ ਕਿਉਂ ਕਿ ਭਾਰਤੀ ਨੇ ਮੁੰਬਈ ਜਾਣ ਤੋਂ ਬਾਅਦ ਵਿਆਹ ਕਰਵਾਇਆ ਹੈ ਤੇ ਉਹ ਕਦੇ ਵੀ ਭਾਰਤੀ ਦੇ ਪਤੀ ਨੂੰ ਨਹੀਂ ਮਿਲੇ।
ਉੱਥੇ ਹੀ ਸੁਖਜੀਤ ਕੌਰ ਨੇ ਦੱਸਿਆ ਕਿ ਮੇਰੀਆਂ ਧੀਆਂ ਨੇ ਯੂਨੀਵਰਸਿਟੀਆਂ ਦੇ ਯੂਥ ਫੈਸਟਿਵਲ ਦੌਰਾਨ ਭਾਰਤੀ ਨਾਲ ਕੰਮ ਕੀਤਾ ਹੈ ਤੇ ਕਈ ਇਨਾਮ ਹਾਸਲ ਕੀਤੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਇਸ ਮਾਮਲੇ ’ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਭਾਰਤੀ ਉੱਪਰ ਪਰਿਵਾਰ ਦੀਆਂ ਕਾਫੀ ਜ਼ਿੰਮੇਵਾਰੀਆਂ ਹਨ ਤੇ ਉਹ ਮਿਹਨਤ ਦੇ ਦਮ ’ਤੇ ਉੱਚਾ ਮੁਕਾਮ ਹਾਸਲ ਕਰਨ ਵਾਲੀ ਕੁੜੀ ਹੈ, ਉਹ ਭੁੱਲ ਕੇ ਵੀ ਅਜਿਹਾ ਗਲਤ ਕੰਮ ਨਹੀਂ ਕਰ ਸਕਦੀ।