ਅੰਮ੍ਰਿਤਸਰ : ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਅਤੇ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ।
ਮਲਕੀਤ ਸਿੰਘ ਅਤੇ ਦੀਆ ਮਿਰਜ਼ਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ। ਦੋਹਾਂ ਨੇ ਆਪਸ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਕਿਹਾ ਕਿ ਉਹ ਜਦ ਵੀ ਅੰਮ੍ਰਿਤਸਰ ਆਉਂਦੇ ਹਨ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਜ਼ਰੂਰ ਆਉਂਦੇ ਹਨ। ਉਹ ਇਥੇ ਆਪਣੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਆਏ ਹਨ।
ਗਾਇਕ ਮਲਕੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਬੇਹਦ ਸਕੂਨ ਮਿਲਦਾ ਹੈ। ਫਤਿਹਵੀਰ ਦੀ ਮੌਤ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਐਮਰਜੈਂਸੀ ਮੌਕੇ ਲਈ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਅਜਿਹੀ ਸਥਿਤੀ ਵਿੱਚ ਜਲਦ ਤੋਂ ਜਲਦ ਬਚਾਅ ਕਾਰਜ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਛੋਟੇ ਬੱਚਿਆਂ ਦੇ ਮਾਤਾ-ਪਿਤਾ ਨੂੰ ਬੱਚਿਆਂ ਦਾ ਧਿਆਨ ਰੱਖਣ ਲਈ ਵਿਸ਼ੇਸ਼ ਅਪੀਲ ਕੀਤੀ।