ਅੰਮ੍ਰਿਤਸਰ: ਭਾਈ ਦਿਲਾਵਰ ਸਿੰਘ ਬੱਬਰ ਦੀ 27ਵੀਂ ਬਰਸੀ ਅੱਜ ਸ੍ਰੀ ਅਕਾਲ ਤਖਤ ਸਾਹਿਬ (Akal Takht Amritsar) ਵਿਖੇਮਨਾਈ ਗਈ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮੂਹ ਸਿੱਖ ਸੰਗਤਾਂ ਉੱਥੇ ਹਾਜ਼ਰ ਰਹੀਆਂ ਜਿਨ੍ਹਾਂ ਨੇ ਭਾਈ ਦਿਲਾਵਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉੱਥੇ ਗੱਲਬਾਤ ਕਰਦੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਆਏ ਹਨ।
ਇਸ ਮੌਕੇ ਅਕਾਲ ਤਖ਼ਤ ਪੁੱਜੇ ਹਵਾਰਾ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਅੱਜ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਅਕਾਲ ਤਖ਼ਤ 'ਤੇ ਨਤਮਸਤਕ ਹੋਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਆਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਭਾਈ ਦਿਲਾਵਰ ਸਿੰਘ ਜੀ ਦਾ 27ਵਾਂ ਸ਼ਹੀਦੀ ਦਿਵਸ ਮਨਾਇਆ ਗਿਆ ਹੈ। ਜਿਸ ਤਰੀਕੇ ਨਾਲ ਭਾਈ ਦਿਲਾਵਰ ਸਿੰਘ ਜੀ ਨੇ ਆਪਣੇ ਸਰੀਰ ਨੂੰ ਮਨੁੱਖੀ ਬੰਬ ਬਣਾ ਕੇ ਆਪਣੇ ਛੋਟੇ-ਛੋਟੇ ਟੁਕੜੇ ਕਰਵਾ ਕੇ ਜਿਸ ਤਰੀਕੇ ਨਾਲ ਸ਼ਹੀਦੀ ਦਿੱਤੀ ਹੈ ਉਸ ਦੀ ਸ਼ਹੀਦੀ ਨੂੰ ਅਸੀਂ 27 ਸਾਲਾਂ ਤੋਂ ਯਾਦ ਕਰਦੇ ਆ ਰਹੇ ਹਾਂ।
ਪ੍ਰੋ. ਬਲਜਿੰਦਰ ਸਿੰਘ ਨੇ ਅੱਗੇ ਕਿਹਾ ਕਿ ਅਸੀਂ ਛੋਟੇ-ਛੋਟੇ ਰਾਜਨੀਤਿਕ ਲਾਹੇ ਕਰਕੇ ਖੇਰੂ-ਖੇਰੂ ਹੋ ਚੁੱਕੇ ਹਾਂ। ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਵੀ ਧੰਨਵਾਦ ਕੀਤਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਤਸਵੀਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੇਂਦਰੀ ਅਜਾਇਬਘਰ ਵਿੱਚ ਸੁਸ਼ੋਭਿਤ ਕੀਤੀ ਹੈ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਝੰਡਾ ਬੁੰਗਾ ਗੁਰਦੁਆਰੇ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਉਹ ਇੱਥੇ ਨਤਮਸਤਕ ਹੋਣ ਆਏ ਹਨ। ਉਨ੍ਹਾਂ ਨੇ ਇੱਥੇ ਬੋਲਦੇ ਹੋਏ ਕਿਹਾ ਕਿ ਸਰਦਾਰ ਬੇਅੰਤ ਸਿੰਘ ਨੇ ਆਪਣੀ ਸਰਕਾਰ ਦੇ ਵੇਲੇ ਸਿੱਖਾਂ ਦੇ ਉੱਪਰ ਬਹੁਤ ਜ਼ੁਲਮ ਕੀਤੇ ਅਤੇ ਉਨ੍ਹਾਂ ਜ਼ੁਲਮਾਂ ਦਾ ਬਦਲਾ ਲੈਣ ਲਈ ਸ਼ਹੀਦ ਭਾਈ ਦਿਲਾਵਰ ਸਿੰਘ ਮਨੁੱਖੀ ਬੰਬ ਬਣ ਕੇ ਬੇਅੰਤ ਸਿੰਘ 'ਤੇ ਜਾ ਡਿੱਗੇ ਸਨ। ਸਰਕਾਰਾਂ ਹੁਣ ਵੀ ਸਿੱਖਾਂ 'ਤੇ ਜ਼ੁਲਮ ਹੀ ਕਰਦੀਆਂ ਆ ਰਹੀਆਂ ਹਨ ਅਤੇ ਇਸਦੇ ਨਾਲ ਹੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਮੋਹਾਲੀ ਏਅਰਪੋਰਟ ਦਾ ਨਾਮ ਵੀ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣ ਦੀ ਅਪੀਲ ਕੀਤੀ ਹੈ।
ਇਹ ਵੀ ਪੜੋ: ਨਵੀਂ ਆਬਕਾਰੀ ਨੀਤੀ ਦੇ ਖਿਲਾਫ ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ