ਅੰਮ੍ਰਿਤਸਰ : ਸ਼ਹਿਰ ਦੇ ਵਿਕਾਸ ਨਗਰ ਖੰਡਵਾਲ 'ਚ ਇੱਕ ਨੌਜਵਾਨ ਦੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਇੱਕ ਯੂਨੀਵਰਸਿਟੀ ਦੇ ਖਿਲਾਫ ਉਕਤ ਨੌਜਵਾਨ 'ਤੇ ਚੋਰੀ ਦੇ ਝੂਠੇ ਕੇਸ ਦਰਜ ਕਰਵਾਉਣ ਦੇ ਦੋਸ਼ ਲਗਾਏ ਹਨ।
ਸਥਾਨਕ ਲੋਕਾਂ ਦੇ ਮੁਤਾਬਕ ਮ੍ਰਿਤਕ ਨੌਜਵਾਨ ਹਰਪ੍ਰੀਤ ਬੇਹਦ ਇਮਾਨਦਾਰ ਵਿਅਕਤੀ ਸੀ। ਉਹ ਇੱਕ ਯੂਨੀਵਰਸਿਟੀ ਦੇ ਵਿੱਚ ਕੰਮ ਕਰਦਾ ਸੀ। ਬੀਤੇ ਦਿਨੀਂ ਜਦ ਉਹ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਕੰਮ ਲਈ ਪੈਸੇ ਲੈ ਰਿਹਾ ਸੀ ਤਾਂ ਇੱਕ ਸੁਰੱਖਿਆ ਕਰਮਚਾਰੀ ਨੇ ਚੋਰੀ-ਛੁਪੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਬਿਨਾਂ ਪੁੱਛ-ਪੜਤਾਲ ਕੀਤੇ ਉਸ ਦੇ ਖਿਲਾਫ ਚੋਰੀ ਦੇ ਦੋਸ਼ ਲਾਉਂਦੇ ਹੋਏ ਕੇਸ ਦਰਜ ਕਰਵਾ ਦਿੱਤਾ। ਇਸ ਦੇ ਚਲਦੇ ਮ੍ਰਿਤਕ ਪਰੇਸ਼ਾਨ ਰਹਿਣ ਲਗਾ ਤੇ ਉਸ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਇਨਸਾਫ ਦੀ ਮੰਗ ਕਰਿਦਆਂ ਵੀਡੀਓ ਬਣਾਉਣ ਵਾਲੇ ਕਰਮਚਾਰੀ ਸਣੇ ਯੂਨੀਵਰਸਿਟੀ ਦੇ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ 'ਤੇ ਦੇਰੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਉਹ ਮ੍ਰਿਤਕ ਦਾ ਪੋਸਟਮਾਰਟਮ ਹੋਣ ਮਗਰੋਂ ਉਸ ਦੀ ਲਾਸ਼ ਨਹੀਂ ਲੈ ਰਹੇ। ਲੋਕਾਂ ਨੇ ਕਿਹਾ ਕਿ ਜਦ ਤੱਕ ਪੁਲਿਸ ਵੀਡੀਓ ਬਣਾਉਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਉਦੋਂ ਤੱਕ ਉਹ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨਗੇ।
ਉਥੇ ਹੀ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਕਿਸੇ ਵੀ ਤਰ੍ਹਾਂ ਦਾ ਸੁਸਾਈਡ ਨੋਟ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਮਝਾਉਣ ਦੇ ਬਾਵਜੂਦ ਪਰਿਵਾਰਕ ਮੈਂਬਰ ਤੇ ਇਲਾਕਾ ਵਾਸੀ ਮ੍ਰਿਤਕ ਦਾ ਅੰਤਮ ਸਸਕਾਰ ਨਹੀਂ ਕਰ ਰਹੇ। ਪੁਲਿਸ ਅਧਿਕਾਰੀ ਨੇ ਆਖਿਆ ਕਿ ਜੇਕਰ ਮ੍ਰਿਤਕ ਦਾ ਪਰਿਵਾਰ ਇਸ ਮਾਮਲੇ ਦੀ ਜਾਂਚ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉੱਚ ਅਧਿਕਾਰੀਆਂ ਤੋਂ ਇਸ ਸਬੰਧੀ ਸਹਾਇਤਾ ਲੈ ਸਕਦੇ ਹਨ। ਫਿਲਹਾਲ ਉਨ੍ਹਾਂ ਵੱਲੋਂ ਪਹਿਲਾਂ ਤੋਂ ਹੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਵੱਖ-ਵੱਖ ਪਹਿਲੂਆਂ ਦੇ ਅਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।