ਅੰਮ੍ਰਿਤਸਰ : ਬਟਾਲਾ ਰੋਡ ਟੰਡਨ ਨਗਰ ਵਿੱਚ ਇੱਕ 70 ਸਾਲਾ ਬਜ਼ੁਰਗ ਦੀ ਭੇਦ-ਭਰੇ ਹਾਲਾਤਾਂ ਵਿੱਚ ਮੌਤ ਹੋਣ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਮ੍ਰਿਤਕ ਬਜ਼ੁਰਗ ਦੀ ਪਛਾਣ ਜਨਕ ਰਾਜ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੋਮਵਾਰ ਰਾਤ ਨੂੰ ਮ੍ਰਿਤਕ ਜਨਕ ਰਾਜ ਘਰ ਵਿੱਚ ਇਕੱਲਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਮੁੰਡੇ ਨੇ ਨਸ਼ੇ ਦੀ ਹਾਲਤ ਵਿੱਚ ਪਿਓ ਦਾ ਕਤਲ ਕਰ ਦਿੱਤਾ ਹੈ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਬਾਹਰ ਡਿੱਗ ਗਿਆ ਸੀ ਜਿਸ ਕਾਰਨ ਉਸ ਦੇ ਮੱਥੇ 'ਤੇ ਸੱਟ ਲਗ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਜਦ ਉਸ ਨੇ ਸਵੇਰੇ ਵੇਖਿਆ ਤਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ।
ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਨਕ ਰਾਜ ਦੇ ਮੱਥੇ ਦੇ ਇੱਕ ਪਾਸੇ ਸੱਟ ਲੱਗੀ ਹੋਈ ਸੀ। ਇਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਸ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਉਸ ਦੇ ਮੁੰਡੇ ਵੱਲੋਂ ਕਤਲ ਦੀ ਗੱਲ ਸਾਹਮਣੇ ਆ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।